July 7, 2024 3:19 pm
AAP

ਕਾਂਗਰਸੀ ਆਗੂ ਬਾਦਲ ਸਰਕਾਰ ਵੱਲੋਂ ਸਥਾਪਤ ਮਾਫ਼ੀਆ ਰਾਜ ਚਲਾ ਰਹੇ ਨੇ: ਆਪ

ਚੰਡੀਗੜ੍ਹ 22 ਜਨਵਰੀ 2022: ਆਮ ਆਦਮੀ ਪਾਰਟੀ (AAP) ਪੰਜਾਬ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ (Malwinder Singh Kang) ਨੇ ਕਿਹਾ ਕਿ ‘ਆਪ’ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪਹਿਲਾਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੋਣਾਵੀ ਖੇਤਰ ਸ੍ਰੀ ਚਮਕੌਰ ਸਾਹਿਬ ਵਿੱਚ ਰੇਤ ਮਾਫ਼ੀਆ ਦਾ ਪਰਦਾਫਾਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਕੈਪਟਨ, ਚੰਨੀ ਅਤੇ ਹੋਰ ਕਾਂਗਰਸੀ ਆਗੂਆਂ ਨੇ ਬਾਦਲ ਪਰਿਵਾਰ ਵੱਲੋਂ ਸਥਾਪਤ ਮਾਫ਼ੀਆ ਰਾਜ ਨੂੰ ਸਰਪ੍ਰਸਤੀ ਦਿੱਤੀ ਅਤੇ ਉਸ ਨੂੰ ਅੱਗੇ ਚਲਾਇਆ ਹੈ। ਪੰਜਾਬ ਵਿੱਚ ਅਜਿਹਾ ਕੋਈ ਮਾਫ਼ੀਆ ਨਹੀਂ ਹੈ, ਜਿਸ ਨਾਲ ਮਜੀਠੀਆ ਅਤੇ ਬਾਦਲ ਪਰਿਵਾਰ ਨਾ ਜੁੜਿਆ ਹੋਵੇ।

ਮਾਲਵਿੰਦਰ ਸਿੰਘ ਕੰਗ (Malwinder Singh Kang) ਨੇ ਕਿਹਾ ਕਿ ‘ਆਪ’ ਪਹਿਲੇ ਦਿਨ ਤੋਂ ਕਹਿ ਰਹੀ ਹੈ ਕਿ ਮੁੱਖ ਮੰਤਰੀ ਚੰਨੀ ਖ਼ੁਦ ਪੰਜਾਬ ਵਿੱਚ ਰੇਤ ਮਾਫ਼ੀਆ ਦੇ ਸਰਪ੍ਰਸਤ ਹਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਬਾਦਲ ਪਰਿਵਾਰ ਮੁੱਖ ਮੰਤਰੀ ਚੰਨੀ ਦੇ ਭਾਈ ਮਨਮੋਹਨ ਸਿੰਘ ਦੇ ਕਰੀਬੀ ਹਨ ਅਤੇ ਅੱਜ ਬਿਕਰਮ ਮਜੀਠੀਆ ਉਸ ਦਾ ਨਾਂਅ ਰੇਤ ਮਾਫ਼ੀਆ ਨਾਲ ਜੋੜ ਰਹੇ ਹਨ, ਜਦੋਂ ਕਿ ਮਜੀਠੀਆ ਨੇ ਹੀ ਮਨਮੋਹਨ ਸਿੰਘ ਨੂੰ ਵੱਡੇ ਸਿਟੀ ਸੈਂਟਰ ਘੋਟਾਲੇ ਵਿੱਚ ਕਾਨੂੰਨ ਦੀ ਮਾਰ ਤੋਂ ਬਚਾਇਆ ਸੀ।

‘ਆਪ’ ਆਗੂ ਨੇ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬਿਕਰਮ ਮਜੀਠੀਆ ਨੇ ਸਿੱਧ ਕਰ ਦਿੱਤਾ ਹੈ ਕਿ ਅਕਾਲੀ ਅਤੇ ਕਾਂਗਰਸ ਦੋਹਾਂ ਪਾਰਟੀਆਂ ਨੇ ਪੰਜਾਬ, ਸਰਕਾਰੀ ਖ਼ਜ਼ਾਨੇ ਅਤੇ ਕੁਦਰਤੀ ਸਾਧਨਾਂ ਨੂੰ ਲੁੱਟਣ ਲਈ ਵਾਰੀ ਬੰਨ੍ਹ ਕੇ ਕੰਮ ਕੀਤਾ ਹੈ। ਪਹਿਲਾਂ ਅਕਾਲੀਆਂ ਅਤੇ ਬਾਦਲ ਪਰਿਵਾਰ ਨੇ ਪੰਜਾਬ ਵਿੱਚ ਹਰ ਤਰ੍ਹਾਂ ਦਾ ਮਾਫ਼ੀਆ ਕਾਇਮ ਕੀਤਾ ਅਤੇ ਫਿਰ ਕੈਪਟਨ ਤੇ ਚੰਨੀ ਨੇ ਇਸ ਮਾਫ਼ੀਆ ਰਾਜ ਨੂੰ ਸਰਪ੍ਰਸਤੀ ਦਿੱਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਚੰਨੀ ਇੱਕ ਨਕਲੀ ਆਮ ਆਦਮੀ ਹੈ, ਕਿਉਂਕਿ ਕਿਸੇ ਵੀ ਆਮ ਆਦਮੀ ਦੇ ਘਰ ਵਿਚੋਂ 10 ਕਰੋੜ ਰੁਪਏ ਨਹੀਂ ਮਿਲਦੇ ਅਤੇ ਨਾ ਹੀ 12 ਲੱਖ ਦੀ ਰੋਲੈਕਸ ਘੜੀ ਪਾਈ ਜਾਂਦੀ ਹੈ। ਈ.ਡੀ ਦੀ ਛਾਪੇਮਾਰੀ ਨੇ ਸਿੱਧ ਕੀਤਾ ਕਿ ਇਨ੍ਹਾਂ ਰਿਵਾਇਤੀ ਪਾਰਟੀਆਂ ਦੇ ਤਥਾ ਕਥਿਤ ‘ਗ਼ਰੀਬ ਆਗੂਆਂ’ ਦੇ ਘਰਾਂ ਵਿੱਚ ਕਰੋੜਾਂ ਰੁਪਏ ਹਨ। ਹੁਣ ਜਦੋਂ ਸਾਰੇ ਰਾਜਨੀਤਿਕ ਪਰਿਵਾਰਾਂ ਦੇ ਅਸਲੀ ਚਿਹਰੇ ਸਾਹਮਣੇ ਆ ਗਏ ਹਨ, ਤਾਂ ਉਹ ਹੁਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਪਾਉਣਗੇ।