ਚੰਡੀਗੜ੍ਹ 12 ਜੁਲਾਈ 2022: ਕਾਂਗਰਸ ਪਾਰਟੀ ਦੇ ਇਕ ਆਗੂ ਤੇ ਟੈਂਟ ਮਾਲਕ ਨੇ ਦਲਵੀਰ ਗੋਲਡੀ (Dalvir Goldy) ‘ਤੇ ਦੋਸ਼ ਲਾਇਆ ਹੈ ਕਿ ਮੈਂ ਦਲਵੀਰ ਗੋਲਡੀ (Dalbir Singh Goldy) ਲਈ ਲੋਕ ਸਭਾ ਦੀ ਉਪ ਚੋਣ ਵਿੱਚ ਦਿਨ-ਰਾਤ ਪ੍ਰਚਾਰ ਕੀਤਾ, ਪਰੰਤੂ ਹੁਣ ਉਹ ਮੇਰੇ ਟੈਂਟ ਦੇ ਪੈਸੇ ਨਹੀਂ ਦੇ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਦਲਵੀਰ ਗੋਲਡੀ ਕੋਲੋਂ ਪੈਸੇ ਦਿਵਾ ਕੇ ਇਨਸਾਫ ਦਿਵਾਇਆ ਜਾਵੇ। ਇਸ ਮਾਮਲੇ ਨੂੰ ਲੈ ਕੇ ਟੈਂਟ ਮਾਲਕ ਅਤੇ ਕਾਂਗਰਸੀ ਆਗੂ ਦੀਪਕ ਕੁਮਾਰ ਨੇ ਕਿਹਾ ਕਿ ਪਿਛਲੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਲਈ ਦਿਨ-ਰਾਤ ਪ੍ਰਚਾਰ ਕੀਤਾ ਅਤੇ ਉਨ੍ਹਾਂ ਦੇ ਦਫਤਰ ਵਿੱਚ ਟੈਂਟ ਵੀ ਲਾਇਆ ਗਿਆ ਸੀ।
ਟੈਂਟ ਮਾਲਕ ਨੇ ਕਿਹਾ ਕਿ ਉਸ ਨੇ ਇਹ ਟੈਂਟ ਉਮੀਦਵਾਰ ਦੇ ਤਪਾ ਵਿਖੇ ਦਫਤਰ ਵਿੱਚ ਲਾਇਆ ਸੀ, ਜਿਸ ਦਾ ਕੁੱਲ 47400 ਰੁਪਏ ਕਿਰਾਇਆ ਬਣਦਾ ਹੈ, ਪਰੰਤੂ ਅਜੇ ਤੱਕ ਵੀ ਦਲਵੀਰ ਗੋਲਡੀ ਨੇ ਇਸ ਕਿਰਾਏ ਦੇ ਪੈਸੇ ਨਹੀਂ ਦਿੱਤੇ । ਦੀਪਕ ਨੇ ਕਿਹਾ ਕਿ ਮੈਨੂੰ ਪੈਸੇ ਨਾ ਮਿਲਣ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਆਗੂ ਦਲਵੀਰ ਸਿੰਘ ਗੋਲਡੀ ਨੇ ਕਿਹਾ ਹੈ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਨਾ ਹੀ ਕੋਈ ਅਜਿਹੀ ਗੱਲ ਹੈ। ਗੋਲਡੀ ਨੇ ਕਿਹਾ ਕਿ ਹਾਲਾਂਕਿ ਇਹ ਸਾਰਾ ਕੰਮ ਪੰਜਾਬ ਕਾਂਗਰਸ ਕਮੇਟੀ (ਪੀਸੀਸੀ) ਵੱਲੋਂ ਸੰਭਾਲਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਜਿਹਾ ਕੋਈ ਮਾਮਲਾ ਹੈ ਵੀ ਤਾਂ ਹੁਣ ਧਿਆਨ ਦੇ ਕੇ ਇਸ ਦਾ ਹੱਲ ਜ਼ਰੂਰ ਕਰਨਗੇ। ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸਬੰਧੀ ਐਕਸ਼ਨ ਲੈਂਦੇ ਹਨ, ਇਹ ਫਿਲਹਾਲ ਦੇਖਣ ਬਾਕੀ ਹੈ | ਜਿਕਰਯੋਗ ਹੈ ਕਿ ਦਲਵੀਰ ਗੋਲਡੀ ਦੀ ਸੰਗਰੂਰ ਜ਼ਿਮਨੀ ਚੋਣ 2022 ਵਿੱਚ ਜ਼ਮਾਨਤ ਜ਼ਬਤ ਹੋ ਗਈ ਸੀ।