ਮਾਲਵਿੰਦਰ ਸਿੰਘ ਕੰਗ

ਕਾਂਗਰਸ ਵੰਡਿਆਂ ਹੋਇਆ ਘਰ, ਜਿਸ ਨੂੰ ਸੂਬੇ ਦੇ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਿਆ : ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ 22 ਅਪ੍ਰੈਲ 2022: ਆਮ ਆਦਮੀ ਪਾਰਟੀ (ਆਪ) ਨੇ ਵਿਧਾਇਕ ਅਮਰਿੰਦਰ ਸਿੰਘ (ਰਾਜਾ ਵੜਿੰਗ) ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ’ਤੇ ਵਧਾਈਆਂ ਦਿੱਤੀਆਂ ਹਨ ਅਤੇ ਉਮੀਦ ਪ੍ਰਗਟ ਕੀਤੀ ਹੈ ਕਿ ਕਾਂਗਰਸ ਸੂਬੇ ਵਿੱਚ ਵਿਰੋਧੀ ਧਿਰ ਵਜੋਂ ਉਸਾਰੂ ਭੂਮਿਕਾ ਨਿਭਾਏਗੀ।

‘ਆਪ’ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ’ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਰਾਜਨੀਤਿਕ ਵਿਰੋਧ ਧਿਰ ਦਾ ਪ੍ਰਮੁੱਖ ਰੋਲ ਹੁੰਦਾ ਹੈ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਉਮੀਦ ਕਰਦੀ ਹੈ ਕਿ ਕਾਂਗਰਸ ਸੂਬੇ ਦੇ ਸਰਬਪੱਖੀ ਵਿਕਾਸ ਲਈ ਇੱਕ ਸੁਚੱਜੀ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰੇਗੀ। ਇਸ ਮੌਕੇ ਪਾਰਟੀ ਦੇ ਬੁਲਾਰੇ ਡਾ. ਸੰਨੀ ਸਿੰਘ ਆਹਲੂਵਾਲੀਆ ਅਤੇ ਐਡਵੋਕੇਟ ਰਵਿੰਦਰ ਸਿੰਘ ਵੀ ਹਾਜਰ ਸਨ।

ਉਮੀਦ ਹੈ ਕਾਂਗਰਸ ਵਿਰੋਧੀ ਧਿਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਏਗੀ

ਮਾਲਵਿੰਦਰ ਸਿੰਘ ਕੰਗ ਨੇ ਅੱਗੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਮੀਦ ਕਰਦੀ ਹੈ ਕਿ ਕਾਂਗਰਸ ਵਿਰੋਧੀ ਧਿਰ ਵਜੋਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਏਗੀ, ਪਰ ਰਾਜਾ ਵੜਿੰਗ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਮੌਕੇ ਕਾਂਗਰਸੀ ਆਗੂਆਂ ਦੀ ਆਪਸੀ ਪਾਟੋਧਾੜ ਲੋਕਾਂ ਸਾਹਮਣੇ ਉਜਾਗਰ ਹੋ ਗਈ ਹੈ।

ਕਾਂਗਰਸ ਵੰਡਿਆਂ ਹੋਇਆ ਘਰ

ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਵੰਡਿਆਂ ਹੋਇਆ ਘਰ ਬਣ ਗਈ ਹੈ, ਕੁੱਝ ਆਗੂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਚੱਲਦੇ ਹਨ ਅਤੇ ਕੁੱਝ ਕੁ ਨੇਤਾ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਖੜ੍ਹੇ ਹਨ। ਜਦੋਂ ਰਾਜਾ ਵੜਿੰਗ ਅਹੁਦਾ ਸੰਭਾਲ ਰਹੇ ਹਨ ਤਾਂ ਕਾਂਗਰਸ ਦਫ਼ਤਰ ਅੱਗੇ ਨਵਜੋਤ ਸਿੰਘ ਸਿੱਧੂ ਬੇਗਾਨਿਆਂ ਵਾਲਾ ਵਰਤਾਓ ਕਰ ਰਹੇ ਸਨ ਅਤੇ ਦੋਸ਼ ਲਾ ਰਹੇ ਸਨ ਕਿ ਜਿਨ੍ਹਾਂ ਭ੍ਰਿਸ਼ਟ ਆਗੂ ਕਾਰਨ ਕਾਂਗਰਸ ਹਾਰੀ ਹੈ, ਉਹੀ ਆਗੂ ਰਾਜਾ ਵੜਿੰਗ ਦੀ ਸਟੇਜ ’ਤੇ ਬੈਠੇ ਹਨ।

ਕੰਗ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਮਹੱਲਾ ਵਾਲੇ ਰਾਜੇ ਨੂੰ ਹਟਾ ਕੇ ਕੋਠੀਆਂ ਵਾਲੇ ਨੂੰ ਰਾਜਾ (ਮੁੱਖ ਮੰਤਰੀ) ਬਣਾਇਆ ਸੀ, ਪਰ ਜਦੋਂ ਉਹ ਵੀ ਫੇਲ ਹੋ ਗਿਆ ਤਾਂ ਇੱਕ ਹੋਰ ਰਾਜਾ (ਰਾਜਾ ਵੜਿੰਗ) ਪੇਸ਼ ਕਰ ਦਿੱਤਾ। ਜਿਸ ਦੇ ਪਹਿਲੇ ਸਮਾਗਮ ’ਚ ਹੀ ਕਾਂਗਰਸੀ ਵਰਕਰਾਂ ਨੂੰ ਭਾਰੀ ਨਿਰਾਸਾ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਕਿਹਾ ਕਿ ਅਹੁਦਾ ਸੰਭਾਲਣ ਸਮੇਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਭਾਸ਼ਣ ’ਚ ਤਿੰਨ ਡੀਜ਼ ਦਾ ਜ਼ਿਕਰ ਕੀਤਾ ਹੈ ਅਤੇ ਦਾਅਵਾ ਕੀਤਾ ਕਿ ਇਨਾਂ ਤਿੰਨ ਡੀਜ਼ ਨੂੰ ਅਪਣਾ ਕੇ ਕਾਂਗਰਸ ਸੂਬੇ ’ਚ ਮੁੱੜ ਖੜ੍ਹੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਨਾਂ ਤਿੰਨ ਡੀਜ਼ ਵਿਚੋਂ ਇੱਕ ਡੀ ਦਾ ਮਤਲਬ ‘ਡੀਵਾਈਡ’ ਹੈ, ਜੋ ਕਾਂਗਰਸ ’ਤੇ ਪੂਰੀ ਤਰ੍ਹਾਂ ਢੁਕਦਾ ਹੈ। ਅੱਜ ਕਾਂਗਰਸ ਵੰਡਿਆ ਹੋਇਆ ਅਤੇ ਕਲੇਸ਼ ਗ੍ਰਸਤ ਘਰ ਹੈ, ਜਿਸ ਨੂੰ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਨਿਕਾਰ ਚੁੱਕੇ ਹਨ।

Scroll to Top