Site icon TheUnmute.com

ਅਨਮੋਲ ਗਗਨ ਮਾਨ ਵਲੋਂ ਸਭ ਤੋਂ ਵੱਡਾ ਪਰੌਂਠਾ ਬਣਾਉਣ ਦਾ ਰਿਕਾਰਡ ਗਿੰਨੀਜ਼ ਬੁੱਕ ਆਫ਼ ਵਰਲਡ ‘ਚ ਦਰਜ ਹੋਣ ‘ਤੇ ਵਧਾਈ

ਗਿੰਨੀਜ਼ ਬੁੱਕ

ਚੰਡੀਗੜ੍ਹ 28 ਫਰਵਰੀ 2024: ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਪਹਿਲੇ ਰੰਗਲਾ ਪੰਜਾਬ ਮੇਲੇ ਮੌਕੇ ਦੁਨੀਆਂ ਦਾ ਸਭ ਤੋਂ ਵੱਡਾ ਪਰੌਂਠਾ ਤਿਆਰ ਕਰਨ ਦਾ ਰਿਕਾਰਡ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਹੋਣ ਤੇ ਤਾਜ ਗਰੁੱਪ ਅਤੇ ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਵਿਭਾਗ ਦੇ ਇਸ ਤਰ੍ਹਾਂ ਦੇ ਉਪਰਾਲੇ ਪੰਜਾਬ ਰਾਜ ਨੂੰ ਸੈਰ ਸਪਾਟਾ ਮਾਨਚਿੱਤਰ ਉਤੇ ਉਘਾੜਨਾ ਵਿਚ ਸਹਾਇਕ ਸਿੱਧ ਹੋਣਗੇ।

ਇਥੇ ਇਹ ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸੈਰ ਸਪਾਟੇ ਨੂੰ ਪ੍ਰਫੁੱਲਿਤ ਕਰਨ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੀ ਅੰਮ੍ਰਿਤਸਰ ਸਹਿਬ ਵਿੱਚ ਕਰਵਾਏ ਜਾ 7 ਰੋਜਾ ਰੰਗਲਾ ਪੰਜਾਬ ਫੈਸਟੀਵਲ ਦੌਰਾਨ 37.5 ਕਿੱਲੋ ਦਾ ਇਹ ਪਰੌਂਠਾ ਤਾਜ ਹੋਟਲ ਦੇ ਰਸੋਈਏ ਵੱਲੋਂ ਤਿਆਰ ਕੀਤਾ ਗਿਆ ਅਤੇ ਉਸਨੂੰ ਰੰਗਲਾ ਪੰਜਾਬ ਵੇਖਣ ਆਏ ਸਰੋਤਿਆਂ ਦੇ ਵਿੱਚ ਵੰਡ ਕੇ ਖਾਧਾ ਗਿਆ। ਇਸ ਦੀ ਪੋਸ਼ਟਿਕਤਾ ਅਤੇ ਸਵਾਦ ਦਾ ਖੂਬ ਆਨੰਦ ਮੇਲੀਆਂ ਨੇ ਮਾਣਿਆ।

ਇਸ ਮੌਕੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵੱਲੋਂ ਪਹੁੰਚੀ ਟੀਮ ਵੱਲੋਂ ਰੰਗਲਾ ਪੰਜਾਬ ਨੂੰ ਕਰਵਾਉਣ ਲਈ ਬਣਾਈ ਗਈ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਘਨਸ਼ਾਮ ਥੋਰੀ, ਡਾਇਰੈਕਟਰ ਸੈਰ ਸਪਾਟਾ ਵਿਭਾਗ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਵਿਭਾਗ ਦੇ ਨਿਗਰਾਨ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ ਵੱਲੋਂ ਗਿਨੀਜ਼ ਬੁੱਕ ਦੇ ਪ੍ਰਬੰਧਕਾਂ ਕੋਲੋਂ ਸਰਟੀਫਿਕੇਟ ਪ੍ਰਾਪਤ ਕੀਤਾ ਗਿਆ।

ਇਸ ਰਿਕਾਰਡ ਨੂੰ ਬਣਾਉਣ ਦੀ ਕੋਸਿ਼ਸ਼ ਕਰਨ ਤੋਂ ਪਹਿਲਾਂ ਤਾਜ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਕਈ ਦਿਨ ਤੱਕ ਇਸਦਾ ਅਭਿਆਸ ਕੀਤਾ ਗਿਆ। ਅਭਿਆਸ ਅਤੇ ਅੱਜ ਪਰੌਂਠਾ ਤਿਆਰ ਕਰਨ ਤੱਕ ਸੱਤ ਕੁਇੰਟਲ ਤੋਂ ਵੱਧ ਆਟਾ ਇਸਤੇਮਾਲ ਕੀਤਾ ਗਿਆ।ਇਸ ਤੋਂ ਇਲਾਵਾ ਤਿੰਨ-ਤਿੰਨ ਕੁਇੰਟਲ ਦੇ ਦੋ ਤਵੇ ਜੋ ਕਿ 510 ਫੁੱਟ ਦੇ ਸਨ, ਨੂੰ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਤਿਆਰ ਕਰਵਾਇਆ ਗਿਆ ਸੀ, ਜਦ ਕਿ ਤਵੇ ਨੂੰ ਪਕਾਉਣ ਦੇ ਲਈ 20 ਬਰਨਰਾਂ ਵਾਲੇ ਗੈਸ ਚੁੱਲੇ ਦਾ ਇਸਤੇਮਾਲ ਕੀਤਾ ਗਿਆ, ਜਦ ਕਿ ਤਾਜ ਦੇ ਅੱਠ ਰਸੋਈਏ ਵੱਲੋਂ ਪਰੌਂਠਾ ਤਿਆਰ ਕੀਤਾ ਗਿਆ। ਇੱਥੇ ਹੀ ਬੱਸ ਨਹੀਂ, ਇਸ ਪਰੌਂਠੇ ਨੂੰ ਤਿਆਰ ਕਰਨ ਦੇ ਲਈ ਇਥੇ ਵੇਲਣ ਦੇ ਲਈ 22-22 ਕਿਲੋ ਦੇ ਦੋ ਵੇਲਣੇ ਵੀ ਵਿਸ਼ੇਸ਼ ਤੌਰ ਤੇ ਤਿਆਰ ਕਰਵਾਏ ਗਏ ਸਨ।

 

Exit mobile version