July 2, 2024 5:20 pm
Bangladesh

ਬੰਗਲਾਦੇਸ਼ ‘ਚ ਨਦੀ ‘ਚ ਕਿਸ਼ਤੀ ਪਲਟਣ ਕਾਰਨ ਹੁਣ ਤੱਕ 39 ਜਣਿਆਂ ਦੀ ਮੌਤ ਦੀ ਪੁਸ਼ਟੀ

ਚੰਡੀਗੜ੍ਹ 26 ਸਤੰਬਰ 2022: ਬੰਗਲਾਦੇਸ਼ (Bangladesh) ਵਿੱਚ ਇੱਕ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਹੁਣ ਤੱਕ ਘੱਟੋ-ਘੱਟ 39 ਜਣਿਆਂ ਦੀ ਮੌਤ ਦੀ ਖ਼ਬਰ ਹੈ। ਹਾਦਸੇ ਵਿੱਚ ਅਜੇ ਵੀ ਦਰਜਨ ਤੋਂ ਵੱਧ ਸਵਾਰੀਆਂ ਲਾਪਤਾ ਹਨ। ਇਹ ਘਟਨਾ ਬੰਗਲਾਦੇਸ਼ ਦੇ ਪੰਚਗੜ੍ਹ ਜ਼ਿਲੇ ‘ਚ ਉਸ ਸਮੇਂ ਵਾਪਰੀ ਜਦੋਂ ਸ਼ਰਧਾਲੂ ਮਹਾਲਯਾ ‘ਚ ਦੁਰਗਾ ਪੂਜਾ ਤਿਉਹਾਰ ਦੀ ਸ਼ੁਭ ਸ਼ੁਰੂਆਤ ਲਈ ਕਿਸ਼ਤੀ ਰਾਹੀਂ ਬੋਦੇਸ਼ਵਰੀ ਮੰਦਰ ਜਾ ਰਹੇ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਤੀ ‘ਤੇ ਘੱਟੋ-ਘੱਟ 70 ਤੋਂ 80 ਲੋਕ ਸਵਾਰ ਸਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਢਾਕਾ ਤੋਂ ਗੋਤਾਖੋਰਾਂ ਦੀ ਟੀਮ ਹੋਰ ਲਾਸ਼ਾਂ ਨੂੰ ਲੱਭਣ ਲਈ ਨਦੀ ਵਿੱਚ ਮੁਹਿੰਮ ਚਲਾ ਰਹੀ ਹੈ। ਨਦੀ ਦੇ ਕੰਢੇ ਹਜ਼ਾਰਾਂ ਲੋਕ ਇਕੱਠੇ ਹੋ ਗਏ ਹਨ।

ਪੰਚਗੜ੍ਹ ਦੇ ਬੋਦਾ ਉਪ-ਜ਼ਿਲੇ ਦੇ ਪ੍ਰਸ਼ਾਸਨਿਕ ਮੁਖੀ ਸੁਲੇਮਾਨ ਅਲੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਅੱਠ ਨਾਬਾਲਗ ਬੱਚੇ ਅਤੇ 12 ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਨੂੰ ਸਥਾਨਕ ਹਸਪਤਾਲ ਲਿਜਾਣ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ। ਬੰਗਲਾਦੇਸ਼ ਦੇ ਰਾਸ਼ਟਰਪਤੀ ਅਬਦੁਲ ਹਮੀਦ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਐਤਵਾਰ ਦੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੌਰਾਨ ਸਥਾਨਕ ਅਧਿਕਾਰੀਆਂ ਨੂੰ ਜ਼ਿੰਦਾ ਲੋਕਾਂ ਦੇ ਇਲਾਜ ਅਤੇ ਮ੍ਰਿਤਕਾਂ ਲਈ ਮੁਆਵਜ਼ੇ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਗਿਆ ਹੈ।