Site icon TheUnmute.com

ਪੰਜਾਬੀ ਯੂਨੀਵਰਸਿਟੀ ਵਿਖੇ ਮਾਤ ਭਾਸ਼ਾ ਦਿਵਸ ‘ਤੇ ਪੰਜਾਬੀ ਭਾਸ਼ਾ ਦਾ ਭਵਿੱਖ, ਸੰਭਾਵਨਾਵਾਂ ਤੇ ਚੁਣੌਤੀਆਂ ਵਿਸ਼ੇ ‘ਤੇ ਕਰਵਾਈ ਗੋਸ਼ਟੀ

Mother Language Day

ਪਟਿਆਲਾ, 21 ਫਰਵਰੀ 2025: ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਮਾਤ ਭਾਸ਼ਾ ਦਿਵਸ  (Mother Language Day) ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਭਾਸ਼ਾ ਦਾ ਭਵਿੱਖ: ਸੰਭਾਵਨਾਵਾਂ ਤੇ ਚੁਣੌਤੀਆਂ ਵਿਸ਼ੇ ’ਤੇ ਗੋਸ਼ਟੀ ਕਰਵਾਈ ਗਈ ਹੈ। ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਈ ਇਸ ਗੋਸ਼ਟੀ ‘ਚ ਉੱਘੇ ਵਿਦਵਾਨ ਡਾ. ਜੋਗਾ ਸਿੰਘ, ਡਾ. ਸਰਬਜੀਤ ਸਿੰਘ, ਡਾ. ਸਿਕੰਦਰ ਸਿੰਘ ਤੇ ਡਾ. ਬੂਟਾ ਸਿੰਘ ਬਰਾੜ ਨੇ ਮੁੱਖ ਵਕਤਾਵਾਂ ਵਜੋਂ ਸ਼ਾਮਲ ਹੋਏ ਅਤੇ ਡਾ. ਰਾਜਵਿੰਦਰ ਸਿੰਘ ਨੇ ਉਕਤ ਵਿਦਵਾਨਾਂ ਨਾਲ ਸੰਵਾਦ ਰਚਾਇਆ। ਇਸ ਮੌਕੇ ਬਹੁਤ ਸਾਰੇ ਸੂਝਵਾਨ ਸਰੋਤਿਆਂ ਨੇ ਸਵਾਲ ਕਰਕੇ, ਗੋਸ਼ਟੀ ਨੂੰ ਹੋਰ ਵੀ ਗੰਭੀਰਤਾ ਪ੍ਰਦਾਨ ਕੀਤੀ |

ਇਸ ਮੌਕੇ ਡਾ. ਜੋਗਾ ਸਿੰਘ ਨੇ ਕਿਹਾ ਕਿ ਮਾਤ ਭਾਸ਼ਾ ਦੀ ਆਮ ਜਨਜੀਵਨ ਅਤੇ ਹੋਰਨਾਂ ਖੇਤਰਾਂ ‘ਚ ਅਹਿਮੀਅਤ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪਿਛਲੀ ਸਦੀ ਦੇ ਅੱਠਵੇਂ ਦਹਾਕੇ ਤੋਂ ਪਹਿਲਾ ਸਾਡੇ ਅੰਗਰੇਜ਼ੀ ਮਾਧਿਅਮ ਦਾ ਕੋਈ ਰੁਝਾਨ ਨਹੀਂ ਸੀ ਪਰ ਸੋਚੀ-ਸਮਝੀ ਨੀਤੀ ਤਹਿਤ ਇਸ ਭਾਸ਼ਾ ਨੂੰ ਸਾਡੀ ਭਾਸ਼ਾ ’ਤੇ ਹਮਲੇ ਵਾਂਗ ਪ੍ਰਚਾਰਿਤ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਅੰਗਰੇਜ਼ੀ ਭਾਸ਼ਾ ਬਾਰੇ ਇੱਕ ਬਿਰਤਾਂਤ ਸਿਰਜਿਆ ਗਿਆ ਹੈ ਕਿ ਇਸ ਮਾਧਿਅਮ ’ਚ ਪੜ੍ਹਕੇ ਵਿਅਕਤੀ ਵਧੇਰੇ ਗਿਆਨਵਾਨ ਬਣਦਾ ਹੈ। ਇਸ ਭੁਲੇਖੇ ਨੂੰ ਦੂਰ ਕਰਨ ਦੀ ਬਹੁਤ ਲੋੜ ਹੈ। ਡਾ. ਬੂਟਾ ਸਿੰਘ ਬਰਾੜ ਨੇ ਕਿਹਾ ਕਿ ਭਾਸ਼ਾ ਤੁਰਦੇ, ਫਿਰਦੇ ਤੇ ਕਿਰਦੇ ਸ਼ਬਦਾਂ ਦਾ ਕਾਫਲਾ ਹੁੰਦਾ ਹੈ। ਜਿਸ ‘ਚ ਹਮੇਸ਼ਾ ਵਾਧਾ-ਘਾਟਾ ਚਲਦਾ ਰਹਿੰਦਾ ਹੈ। ਫਿਰ ਵੀ ਉਹੀ ਸ਼ਬਦ ਪ੍ਰਵਾਨ ਹੁੰਦੇ ਹਨ ਜੋ ਲੋਕਾਂ ਦੀ ਜ਼ੁਬਾਨ ’ਤੇ ਵਧੇਰੇ ਚੜ੍ਹਦੇ ਹਨ। ਭਾਸ਼ਾ ਦੇ ਰੂਪ ’ਚ ਹਮੇਸ਼ਾ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ‘’ਦੇ ਸਰੂਪ ਵਿੱਚ ਤਬਦੀਲੀਆਂ ਹੁੰਦੀਆਂ ਰਹੀਆਂ ਹਨ, ਇਸ ਨੂੰ ਖਤਰਾ ਨਹੀਂ ਮੰਨਣਾ ਚਾਹੀਦਾ ਸਗੋਂ ਇੱਕ ਵਰਤਾਰੇ ਵਜੋਂ ਲੈਣਾ ਚਾਹੀਦਾ ਹੈ।

ਇਸ ਦੌਰਾਨ (Mother Language Day)  ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਹਮੇਸ਼ਾ ਹੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਸਿਆਸੀ ਸਰਪ੍ਰਸਤੀ ਦੀ ਬਹੁਤ ਜ਼ਰੂਰਤ ਹੁੰਦੀ ਹੈ। ਪੰਜਾਬੀ ਭਾਸ਼ਾ ਨੂੰ ਆ ਰਹੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਅਧਿਆਪਕ ਦੀ ਭੂਮਿਕਾ ਸਭ ਤੋਂ ਵੱਡੀ ਹੈ। ਅੱਜ ਦੇ ਪੰਜਾਬੀ ਅਧਿਆਪਕਾਂ ਨੂੰ ਸਿਰਫ ਰੁਜ਼ਗਾਰ ਤੱਕ ਸੀਮਿਤ ਰਹਿਣ ਦੀ ਬਜਾਏ, ਮਾਤ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕਾਰਜਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਅਧਿਆਪਕ ਵਰਗ ਸਾਡੀ ਮਾਤ ਭਾਸ਼ਾ, ਸੱਭਿਆਚਾਰ ਤੇ ਅਕਾਦਮਿਕਤਾ ਪ੍ਰਤੀ ਸੰਜੀਦਾ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਵੇ।

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰੀਏ ਪਰ ਜੇਕਰ ਕੋਈ ਭਾਸ਼ਾ ਸਾਡੀ ਮਾਤ ਭਾਸ਼ਾ ਨੂੰ ਦਬਾਉਣ ਲਈ ਥੋਪੀ ਜਾਵੇ ਤਾਂ ਉਸ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਕੁਝ ਭਾਸ਼ਾਵਾਂ ਨੂੰ ਇਸ ਦੌਰ ’ਚ ਵੀ ਸਾਡੇ ’ਤੇ ਜਬਰੀ ਥੋਪਿਆ ਜਾ ਰਿਹਾ ਹੈ, ਇਸ ਰੁਝਾਨ ਖਿਲਾਫ ਸਾਨੂੰ ਇੱਕ-ਜੁੱਟ ਹੋਣਾ ਚਾਹੀਦਾ ਹੈ।

ਗੋਸ਼ਟੀ ਦੌਰਾਨ ਡਾ. ਸੁਰਜੀਤ ਸਿੰਘ, ਡਾ. ਵਨੀਤਾ, ਡਾ. ਰੇਨੁਕਾ ਸਿੰਘ, ਡਾ. ਜਗਮੀਤ ਸਿੰਘ, ਡਾ. ਵਰਿੰਦਰ ਖੁਰਾਣਾ, ਡਾ. ਵਰਿੰਦਰ ਕੁਮਾਰ ਤੇ ਹੋਰਨਾਂ ਨੇ ਆਪਣੇ ਸਵਾਲਾਂ ਨਾਲ ਗੋਸ਼ਟੀ ਦਾ ਘੇਰਾ ਵਿਸ਼ਾਲ ਕੀਤਾ। ਇਸ ਮੌਕੇ ਡਾ. ਗੁਰਮੁਖ ਸਿੰਘ ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਗੁਰਸੇਵਕ ਲੰਬੀ, ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਮਨਜਿੰਦਰ ਸਿੰਘ, ਡਾ. ਰਾਜਮੋਹਿੰਦਰ ਕੌਰ ਤੇ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ। ਭਾਸ਼ਾ ਵਿਭਾਗ ਵੱਲੋਂ ਗੋਸ਼ਟੀ ਦੇ ਮੁੱਖ ਵਕਤਾਵਾਂ ਨੂੰ ਸ਼ਾਲਾਂ ਨਾਲ ਸਨਮਾਨਿਤ ਕੀਤਾ ।

Read More: ਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ

Exit mobile version