Site icon TheUnmute.com

ਮੋਹਾਲੀ ਜ਼ਿਲ੍ਹਾ ਹਸਪਤਾਲ ‘ਚ ਉੱਚ-ਜੋਖਮ ਗਰਭਵਤੀ ਬੀਬੀਆਂ ਦੀ ਵਿਸ਼ੇਸ਼ ਡਾਕਟਰੀ ਜਾਂਚ ਕੀਤੀ

pregnant women

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 08 ਮਈ, 2024: ਸਥਾਨਕ ਜ਼ਿਲ੍ਹਾ ਹਸਪਤਾਲ ਵਿਚ ਅੱਜ ਮੋਹਾਲੀ ਸ਼ਹਿਰੀ ਖੇਤਰ ਨਾਲ ਸਬੰਧਤ ਉੱਚ-ਜੋਖਮ ਗਰਭਵਤੀ ਬੀਬੀਆਂ (pregnant women) ਦੀ ਵਿਸ਼ੇਸ਼ ਡਾਕਟਰੀ ਜਾਂਚ ਕੀਤੀ ਗਈ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ.ਚੀਮਾ ਅਤੇ ਡਾ. ਵਿਜੇ ਭਗਤ ਨੇ ਦਸਿਆ ਕਿ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਦੇ ਨਿਰਦੇਸ਼ਾਂ ’ਤੇ ਮੋਹਾਲੀ ਸ਼ਹਿਰੀ ਦੀਆਂ 41 ਗਰਭਵਤੀ ਬੀਬੀਆਂ ਦੀ ਵਿਸ਼ੇਸ਼ ਜਾਂਚ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਲ.ਐਚ.ਵੀ., ਏ.ਐਨ.ਐਮਜ਼ ਅਤੇ ਆਸ਼ਾ ਵਰਕਰ ਨੇ ਆਪੋ-ਆਪਣੇ ਏਰੀਏ ਨਾਲ ਸਬੰਧਤ ਗਰਭਵਤੀ ਬੀਬੀਆਂ ਨੂੰ ਜਾਂਚ ਲਈ ਉਚੇਚੇ ਤੌਰ ‘ਤੇ ਹਸਪਤਾਲ ਵਿਚ ਲਿਆਂਦਾ ਅਤੇ ਬੀਬੀਆਂ ਦੇ ਰੋਗਾਂ ਦੇ ਮਾਹਰ ਡਾਕਟਰਾਂ ਅਤੇ ਹੋਰ ਸਿਹਤ ਅਧਿਕਾਰੀਆਂ ਦੁਆਰਾ ਉਨ੍ਹਾਂ ਦੀ ਜਾਂਚ ਕੀਤੀ ਗਈ।

ਡਾ. ਚੀਮਾ ਮੁਤਾਬਕ ਮਾਤਰੀ ਮੌਤਾਂ ਦੇ ਮਾਮਲਿਆਂ ਦੀ ਰੋਕਥਾਮ ਅਤੇ ਗਰਭਵਤੀ ਬੀਬੀਆਂ (pregnant women) ਨੂੰ ਸਮੇਂ ਸਿਰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਇਹ ਵਿਸ਼ੇਸ਼ ਜਾਂਚ ਕੀਤੀ ਗਈ ਹੈ, ਜਿਹੜੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਬੈਠਕ ਦੌਰਾਨ ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਵਿਸ਼ੇਸ਼ ਹਦਾਇਤਾਂ ਦਿੰਦਿਆਂ ਕਿਹਾ ਸੀ ਕਿ ਤਮਾਮ ਗਰਭਵਤੀ ਬੀਬੀ ਦਾ ਛੇਤੀ ਤੋਂ ਛੇਤੀ ਪੰਜੀਕਰਨ ਕੀਤਾ ਜਾਵੇ ਅਤੇ ਉੱਚ-ਜੋਖਮ ਵਾਲੀਆਂ ਗਰਭਵਤੀ ਬੀਬੀਆਂ ਦਾ ਖ਼ਾਸ ਧਿਆਨ ਰਖਿਆ ਜਾਵੇ ਤਾਂ ਕਿ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਕਿਹਾ ਸੀ ਕਿ ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਅਤੇ ਲੋੜੀਂਦੀ ਦੇਖਭਾਲ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ।

Exit mobile version