ਚੰਡੀਗੜ੍ਹ 08 ਦਸੰਬਰ 2022: ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਹਰ ਕਿਸਮ ਦੀ ਸੰਭਵ ਚਾਰਾਜੋਈ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਅੱਜ ਸੈਕਟਰ-31ਏ ਚੰਡੀਗੜ੍ਹ ਵਿਖੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੈਮੀਕਲ ਅਤੇ ਹੋਰ ਉਦਯੋਗਾਂ ਦੀ ਸੁਰੱਖਿਆ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਦਾ ਉਦਘਾਟਨ ਕਿਰਤ ਵਿਭਾਗ ਦੇ ਸਕੱਤਰ ਮਨਵੇਸ਼ ਸਿੰਘ ਸਿੱਧੂ ਵੱਲੋਂ ਕੀਤਾ ਗਿਆ।
ਉਦਘਾਟਨੀ ਭਾਸ਼ਣ ਵਿੱਚ ਮਨਵੇਸ਼ ਸਿੰਘ ਸਿੱਧੂ ਨੇ ਅਜਿਹੇ ਸੈਮੀਨਾਰਾਂ ਦੀ ਅਹਿਮੀਅਤ ਲੋੜ ’ਤੇ ਜੋਰ ਦਿੰਦਿਆਂ ਕਿਹਾ ਕਿ ਵੱਡੀਆਂ ਦੁਰਘਟਨਾਵਾਂ ਦੀ ਅਤਿ-ਸੰਭਾਵਨਾ ਵਾਲੀਆਂ ਰਸਾਇਣਕ ਸਨਅੱਤਾਂ ਅਤੇ ਹੋਰ ਉਦਯੋਗਾਂ ਵਿੱਚ ਕਿਸੇ ਵੀ ਅਣਸੁਖਾਵੀਂ ਸਥਿਤੀ ਜਾਂ ਘਟਨਾ ਨੂੰ ਟਾਲਣ ਲਈ ਆਪਣੀਆਂ ਸੰਕਟਕਾਲੀ ਯੋਜਨਾਵਾਂ ਵਿੱਚ ਸੋਧ ਕਰਨ ਦੀ ਲੋੜ ਹੈ। ਉਨ੍ਹਾਂ ਨੇ ਭਾਈਵਾਲਾਂ ਨੂੰ, ਪੰਜਾਬ ਲੇਬਰ ਵੈਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਵੀ ਸੱਦਾ ਦਿੱਤਾ।
ਉਨ੍ਹਾਂ ਨੇ ਭਾਈਵਾਲਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਕੈਮੀਕਲ ਇੰਜੀਨੀਅਰਿੰਗ ਪਿਛੋਕੜ ਵਾਲੇ ਅਤੇ ਰਾਜ ਦੀਆਂ ਪ੍ਰਮੁੱਖ ਤਕਨੀਕੀ ਸੰਸਥਾਵਾਂ ਦੇ ਘੱਟੋ ਘੱਟ ਐਸੋਸੀਏਟ ਪ੍ਰੋਫੈਸਰ ਪੱਧਰ ਦੇ ਵਿਅਕਤੀਆਂ, ਦੀ ਸ਼ਾਮੂਲੀਅਤ ਵਾਲਾ ਮਾਹਿਰ ਪੈਨਲ ਗਠਿਤ ਕਰਨ ਦਾ ਪ੍ਰਸਤਾਵ ਹੈ।ਉਨ੍ਹਾਂ ਇਸ ਸੈਮੀਨਾਰ ਕਰਵਾਉਣ ਲਈ ਡਾਇਰੈਕਟੋਰੇਟ ਆਫ ਫੈਕਟਰੀਜ਼, ਪੰਜਾਬ ਅਤੇ ਪੰਜਾਬ ਇੰਡਸਟਰੀਅਲ ਸੇਫਟੀ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੀਤੇ ਯਤਨਾ ਦੀ ਵੀ ਸ਼ਲਾਘਾ ਕੀਤੀ।
ਤੇਜ ਪ੍ਰਤਾਪ ਸਿੰਘ ਫੂਲਕਾ, ਲੇਬਰ ਕਮਿਸ਼ਨਰ-ਕਮ-ਡਾਇਰੈਕਟਰ ਫੈਕਟਰੀਜ਼ ਪੰਜਾਬ ਨੇ ਮੁੱਖ ਮਹਿਮਾਨਾਂ ਅਤੇ ਭਾਈਵਾਲਾਂ ਦਾ ਸਵਾਗਤ ਕੀਤਾ। ਆਪਣੇ ਸੁਆਗਤੀ ਭਾਸ਼ਣ ਵਿੱਚ, ਉਨ੍ਹਾਂ ਨੇ ਸੁਰੱਖਿਆ ਨੂੰ ਇੱਕ ਜ਼ਰੂਰੀ ਆਦਤ ਬਣਾ ਲੈਣ ’ਤੇ ਜ਼ੋਰ ਦਿੱਤਾ । ਉਨ੍ਹਾਂ ਕਿਹਾ ਹਰ ਰਸਾਇਣਕ ਫੈਕਟਰੀ ਨੂੰ ਫੈਕਟਰੀ ਦੇ ਸੰਚਾਲਨ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾਂ ਜਾਂ ਸਥਿਤੀ ਨਾਲ ਨਜਿੱਠਣ ਲਈ ਇੱਕ ਆਨ-ਸਾਈਟ ਐਮਰਜੈਂਸੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਬ੍ਰਿਗੇਡੀਅਰ. (ਡਾ.) ਬੀ.ਕੇ.ਖੰਨਾ, ਸੀਨੀਅਰ ਸਪੈਸ਼ਲਿਸਟ, ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ, ਨਵੀਂ ਦਿੱਲੀ, ਪ੍ਰੋ: ਅੰਮ੍ਰਿਤਪਾਲ ਤੂਰ, ਚੇਅਰਪਰਸਨ, ਡਾ.ਐਸ.ਐਸ.ਭਟਨਾਗਰ ਯੂਨੀਵਰਸਿਟੀ, ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ ਯੂਨੀਵਰਸਿਟੀ, ਸੈਕਟਰ 14, ਚੰਡੀਗੜ੍ਹ, ਜੀ.ਐਸ.ਸੈਣੀ, ਡਾਇਰੈਕਟਰ, ਨੈਸ਼ਨਲ ਸਿਵਲ ਡਿਫੈਂਸ ਕਾਲਜ, ਭਾਰਤ ਸਰਕਾਰ, ਗ੍ਰਹਿ ਮੰਤਰਾਲਾ, ਨਾਗਪੁਰ, ਵਿਨੈ ਪਾਠਕ, ਜੀ.ਐਮ.(ਟੈਕ), ਮੈਸ 3ਐਮ ਇੰਡੀਆ ਲਿਮਟਿਡ, ਗੁਰੂਗ੍ਰਾਮ, ਡਾ: ਦੇਵੇਂਦਰ ਕੁੰਵਰ, ਡਿਪਟੀ ਜੀ.ਐਮ. (ਆਈ.ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਫਰੀਦਾਬਾਦ (ਹਰਿਆਣਾ), ਯਸ਼ ਪਾਲ, ਡਾਇਰੈਕਟਰ ਸਿਹਤ, ਸੁਰੱਖਿਆ ਅਤੇ ਵਾਤਾਵਰਣ ਸਲਾਹਕਾਰ ਮੋਹਾਲੀ, ਡਾ: ਪ੍ਰਿੰਸ ਕੁਮਾਰ ਪਾਲ, ਐਮ.ਡੀ ਕਾਰਡੀਓਲੋਜੀ, ਮੈਕਸ ਹਸਪਤਾਲ, ਐਸ.ਏ.ਐਸ. ਨਗਰ, ਅਨਿਲ ਕੁਮਾਰ ਸ਼ਰਮਾ, ਸੇਫਟੀ ਅਫਸਰ ਮੈਸ. ਐਨਐਫਐਲ, ਬਠਿੰਡਾ ਡਾ. ਪਰਵੀਨ ਮੋਡਗਿਲ, ਸੀ.ਐਮ.ਓ., ਮੈਸਰਜ਼. ਐਚ.ਐਮ.ਈ.ਐਲ., ਬਠਿੰਡਾ ਨਰਿੰਦਰ ਕੁਮਾਰ ਬੱਸੀ, ਡਿਪਟੀ. ਚੀਫ ਵਾਰਡਨ, ਸਿਵਲ ਡਿਫੈਂਸ, ਬਠਿੰਡਾ ਅਤੇ ਪੰਕਜ ਕੁਮਾਰ, ਚੀਫ ਐਗਜ਼ੀਕਿਊਟਿਵ ਅਫਸਰ, ਵਿਜ਼ੀਬਲ ਸੇਫਟੀ ਸਲਿਊਸ਼ਨ, ਨਵੀਂ ਦਿੱਲੀ, ਪ੍ਰੋਗਰਾਮ ਲਈ ਮੁੱਖ ਫੈਕਲਟੀ ਹਨ। ਪੰਜਾਬ ਫੈਕਟਰੀਜ਼ ਦੇ ਜੁਆਇੰਟ ਡਾਇਰੈਕਟਰ, ਇੰਜੀਨੀਅਰ ਨਰਿੰਦਰ ਸਿੰਘ ਵੱਲੋਂ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ।