ਚੰਡੀਗੜ੍ਹ, 31 ਅਗਸਤ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ 12 ਹਜ਼ਾਰ ਰੁਪਏ ਦੀ ਰਿਸ਼ਵਤ (Bribe) ਲੈਂਦੇ ਸੇਵਾ ਕੇਂਦਰ ਦੇ ਕੰਪਿਊਟਰ ਆਪਰੇਟਰ ਨੂੰ ਗ੍ਰਿਫਤਾਰ ਕੀਤਾ ਹੈ | ਗ੍ਰਿਫਤਾਰ ਕੰਪਿਊਟਰ ਆਪਰੇਟਰ ਲਾਭਪ੍ਰੀਤ ਸਿੰਘ ਬਠਿੰਡਾ ਜ਼ਿਲ੍ਹੇ ਦੇ ਬੱਲੂਆਣਾ ਸਥਿਤ ਸੇਵਾ ਕੇਂਦਰ ਵਿਖੇ ਤਾਇਨਾਤ ਸੀ |
ਵਿਜੀਲੈਂਸ ਬਿਊਰੋ ਨੇ ਮੁਲਜ਼ਮ ਨੂੰ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਵਾਸੀ ਬੱਲੂਆਣਾ ਦੁਆਰਾ ਦਰਜ ਕਰਵਾਏ ਬਿਆਨ ਅਤੇ ਰਿਕਾਰਡਿੰਗ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਹੈ।ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਦੋਸ਼ ਲਾਇਆ ਕਿ ਉਕਤ ਕੰਪਿਊਟਰ ਆਪਰੇਟਰ ਨੇ ਉਸਦੇ ਚਾਚੇ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਲਈ ਉਸਦੀ ਮੱਦਦ ਕਰਨ ਬਦਲੇ 12 ਹਜ਼ਾਰ ਰੁਪਏ ਦੀ ਰਿਸ਼ਵਤ (Bribe) ਮੰਗੀ ਸੀ। ਸ਼ਿਕਾਇਤਕਰਤਾ ਨੇ ਆਪਣੇ ਮੋਬਾਈਲ ‘ਚ ਰਿਸ਼ਵਤ ਮੰਗ ਦੀ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ |
ਇਸਤੋਂ ਬਾਅਦ ਵਿਜੀਲੈਂਸ ਬਿਊਰੋ (Vigilance Bureau), ਬਠਿੰਡਾ ਰੇਂਜ ਦੀ ਟੀਮ ਨੇ ਮੁਲਜ਼ਮ ਲਾਭਪ੍ਰੀਤ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਜਾਲ ਵਿਛਾਇਆ ਅਤੇ ਮੁਲਜ਼ਮ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਸ਼ਿਕਾਇਤਕਰਤਾ ਤੋਂ 12 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਪਾਇਆ ਗਿਆ ਹੈ |
ਪਰ ਉਹ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਪਿੱਛਾ ਕਰਨ ਦੌਰਾਨ ਮੁਲਜ਼ਮ ਨੂੰ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਕਿਲੀ ਨਿਹਾਲ ਸਿੰਘ ਵਾਲਾ ਬੱਸ ਸਟਾਪ ਨੇੜਿਓਂ ਕਾਬੂ ਕਰ ਲਿਆ ਗਿਆ ਅਤੇ ਉਸ ਦੇ ਕਬਜ਼ੇ ‘ਚੋਂ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ। ਵਿਜੀਲੈਂਸ ਨੇ ਕੰਪਿਊਟਰ ਆਪਰੇਟਰ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।