July 9, 2024 1:11 am
ਬ੍ਰਮ ਸ਼ੰਕਰ ਸ਼ਰਮਾ

ਵਿਕਾਸ ਪ੍ਰਾਜੈਕਟਾਂ ਦੇ ਨਿਰਮਾਣ ਸਮੇਂ ਕੁਆਲਿਟੀ ਨਾਲ ਸਮਝੌਤਾ ਮਨਜ਼ੂਰ ਨਹੀਂ: ਬ੍ਰਮ ਸ਼ੰਕਰ

ਐੱਸ ਏ ਐੱਸ ਨਗਰ 08 ਅਗਸਤ 2022: ਮਾਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਪੰਜਾਬ, ਬ੍ਰਮ ਸ਼ੰਕਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਵਿੱਚ ਜਾਰੀ ਵਿਕਾਸ ਕਾਰਜਾਂ ਅਤੇ ਵੱਖ ਵੱਖ ਭਲਾਈ ਸਕੀਮਾਂ ਦੀ ਸਮੀਖਿਆ ਕਰਨ ਸੰਬੰਧੀ ਅੱਜ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ l

ਕੈਬਿਨਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹਰ ਮੰਤਰੀ ਨੂੰ ਜ਼ਿਲ੍ਹੇ ਸੌਂਪੇ ਗਏ ਹਨ ਤਾਂ ਕਿ ਉਹ ਹਲਕਿਆਂ ਦੇ ਐਮ.ਐਲ.ਏ. ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਿਹੜੇ ਵਿਕਾਸ ਕਾਰਜ ਜਾਂ ਸਕੀਮਾਂ ਚੱਲ ਰਹੀਆਂ ਹਨ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਵਾ ਕੇ ਨੇਪਰੇ ਚੜਵਾ ਸਕਣ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜ਼ਿਲ੍ਹੇ ਦੇ ਵਿਕਾਸ ਪ੍ਰੋਜੈਕਟਾਂ ਤੇ ਵਖੋ ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਰਾਹੀਂ ਜਾਣਕਾਰੀ ਦਿੱਤੀ ।

ਮੀਟਿੰਗ ਦੌਰਾਨ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਵਿਸ਼ਵਾਸ ਨਾਲ ਸੱਤਾ ਸੌਂਪੀ ਹੈ ਕਿ ਉਹ ਪੰਜਾਬ ਦਾ ਚੌਤਰਫ਼ਾ ਵਿਕਾਸ ਕਰਨਗੇ ਅਤੇ ਸਰਕਾਰੀ ਦਫ਼ਤਰਾਂ ਵਿੱਚ ਪਾਰਦਰਸ਼ੀ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਗੇ | ਸਾਡਾ ਇਹ ਪਰਮ ਕਰਤੱਵ ਬਣ ਜਾਂਦਾ ਹੈ ਕਿ ਅਸੀਂ ਲੋਕਾਂ ਦੇ ਭਰੋਸੇ ਨੂੰ ਬਰਕਰਾਰ ਰੱਖਦੇ ਹੋਏ ਲੋਕਾਂ ਵੱਲੋਂ ਲਾਈਆਂ ਗਈਆਂ ਉਮੀਦਾਂ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕਰ ਕੇ ਵਿਖਾਈਏ |  ਮੋਹਾਲੀ ਸੂਬੇ ਦਾ ਇੱਕ ਨਮੂਨੇ ਦਾ ਸ਼ਹਿਰ ਬਣਦਾ ਜਾ ਰਿਹਾ ਹੈ ਜਿੱਥੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਲੋਕ ਆ ਕੇ ਵੱਡੀ ਗਿਣਤੀ ਵਿਚ ਰਹਿ ਰਹੇ ਹਨ l

ਪ੍ਰਸ਼ਾਸਨਿਕ ਅਧਿਕਾਰੀ ਇਸ ਗੱਲ ਤੇ ਧਿਆਨ ਦੇਣ ਕਿ ਜੋ ਵਿਕਾਸ ਕਾਰਜ ਚੱਲ ਰਹੇ ਹਨ ਉਹ ਮਿੱਥੇ ਸਮੇਂ ਵਿਚ ਪੂਰੇ ਹੋਣ ਅਤੇ ਜੇਕਰ ਕਿਸੇ ਕਾਰਨ ਕੋਈ ਪ੍ਰੋਜੈਕਟ ਦੀ ਸਮਾਂ ਸੀਮਾ ਅੱਗੇ ਪਾਈ ਗਈ ਹੈ, ਤਾਂ ਉਸ ਨੂੰ ਵੀ ਜਲਦੀ ਖਤਮ ਕੀਤਾ ਜਾਵੇ ਤਾਂ ਜੋ ਪ੍ਰੋਜੈਕਟ ਦੀ ਕੀਮਤ ਵੱਧ ਨਾ ਸਕੇ | ਪ੍ਰਾਜੈਕਟ ਦੀ ਕੁਆਲਿਟੀ ਨੂੰ ਉੱਤਮ ਰੱਖਿਆ ਜਾਵੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਨਜ਼ੂਰ ਨਹੀਂ ਹੋਵੇਗਾ |

ਬ੍ਰਮ ਸ਼ੰਕਰ ਨੇ ਜ਼ਿਲ੍ਹੇ ਦੇ ਸਿਵਲ ਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹਦਾਇਤ ਦਿੱਤੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਵਿਜ਼ਨ ਮੁਤਾਬਕ ਹਰ ਘਰ ਤੱਕ ਰੋਜ਼ਗਾਰ ਤੇ ਸਮਾਜਿਕ ਸੁਰੱਖਿਆ ਸੰਬੰਧੀ ਹੋਰਨਾਂ ਸਕੀਮਾਂ ਦਾ ਲਾਭ ਪੁੱਜਦਾ ਕੀਤਾ ਜਾਵੇ ਤੇ ਨੌਜਵਾਨਾਂ ਨੂੰ ਹੁੁਨਰਮੰਦ ਬਨਾਉਣ ਵੱਲ ਉਚੇਚਾ ਧਿਆਨ ਦਿੱਤਾ ਜਾਵੇ।

ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਗਈ ਕਿ ਕਿਸੇ ਵੀ ਪ੍ਰੋਜੈਕਟ ਦਾ ਦੌਰਾ ਕੀਤੇ ਜਾਣ ਸਮੇਂ ਹਲਕੇ ਦੇ ਐੱਮ.ਐੱਲ.ਏ ਨੂੰ ਵੀ ਨਾਲ ਲੈ ਕੇ ਜਾਇਆ ਜਾਵੇ | ਇਸ ਦੌਰਾਨ ਵਿਧਾਨ ਸਭਾ ਹਲਕਾ ਐਸ ਏ ਐਸ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਹਲਕਿਆਂ ਸਬੰਧੀ ਦਿੱਕਤਾਂ ਕੈਬਿਨਟ ਮੰਤਰੀ ਦੇ ਧਿਆਨ ਵਿੱਚ ਲਿਆਂਦੀਆਂ ਜਿਨ੍ਹਾਂ ਦੇ ਹੱਲ ਸਬੰਧੀ ਮੰਤਰੀ ਨੇ ਮੌਕੇ ਉੱਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।

ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ  ਬ੍ਰਹਮ ਸ਼ੰਕਰ ਨੇ ਕਿਹਾ ਕਿ ਸਰਕਾਰੀ ਸੇਵਾਵਾਂ ਦਾ ਲਾਭ ਹਰ ਆਮ ਆਦਮੀ ਤੱਕ ਪੁੱਜਦਾ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਹੈ l ਅਸ਼ਟਾਮਾਂ ਦੀ ਆਨਲਾਈਨ ਵਿਕਰੀ ਸੰਬੰਧੀ ਪੁੱਛੇ ਗਏ ਸੁਆਲਾਂ ਦੇ ਜੁਆਬ ਦਿੰਦੇ ਹੋਏ ਬ੍ਰਹਮ ਸ਼ੰਕਰ ਨੇ ਦੱਸਿਆ ਕਿ ਆਨਲਾਈਨ ਪ੍ਰਣਾਲੀ ਸਮੇਂ ਦੀ ਮੰਗ ਹੈ ਉਨ੍ਹਾਂ ਦੱਸਿਆ ਕਿ ਸਰਕਾਰ ਦਾ ਮੰਤਵ ਤਹਿਸੀਲਾਂ ਅਤੇ ਹੋਰਨਾਂ ਸਰਕਾਰੀ ਅਦਾਰਿਆਂ ਵਿੱਚ ਹੁੰਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਮੁੱਖ ਉਦੇਸ਼ ਹੈ |

ਉਨ੍ਹਾਂ ਦੱਸਿਆ ਕਿ ਪਹਿਲਾਂ ਪ੍ਰਿੰਟ ਕੀਤੇ ਅਸਟਾਮ ਜਾਅਲੀ ਵੀ ਪਾਏ ਜਾਂਦੇ ਸਨ ਅਤੇ ਅਸਟਾਮ ਹਾਸਿਲ ਕਰਨ ਲਈ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ l ਉਹਨੇ ਦੱਸਿਆ ਕਿ ਅਸ਼ਟਾਮਾਂ ਦੀ ਆਨਲਾਈਨ ਵਿਕਰੀ ਨਾਲ ਨਾ ਤਾਂ ਅਸ਼ਟਾਮ ਫਰੋਸ਼ਾਂ ਦੀ ਆਮਦਨ ਤੇ ਕੋਈ ਫਰਕ ਪਵੇਗਾ ਸਗੋਂ ਲੋਕਾਂ ਨੂੰ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਅਸਟਾਮ ਮਿਲ ਸਕਣਗੇ l

ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਤਹਿਸੀਲਾਂ ਵਿਚੋਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਹੈ ਅਤੇ ਇਸ ਦਿਸ਼ਾ ਵਿਚ ਸਰਕਾਰ ਦੀ ਮੁਹਿੰਮ ਨਿਰਵਿਘਨ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸੀਵਰੇਜ ਅਤੇ ਲੰਬੇ ਸਮੇਂ ਤੋਂ ਲੰਬਿਤ ਪਏ ਮਸਲਿਆਂ ਪਾਣੀ ਦੇ ਨਿਕਾਸ ਦੇ ਪ੍ਰਬੰਧਾਂ, ਫੈਕਟਰੀਆਂ ਦੇ ਪਾਣੀ ਨੂੰ ਟਰੀਟ ਕਰਨ, ਬਰਸਾਤੀ ਪਾਣੀ ਦੇ ਨਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਮੌਕੇ ਐਸ.ਐਸ.ਪੀ ਵਿਵੇਕ ਸ਼ੀਲ ਸੋਨੀ, ਮੁੱਖ ਪ੍ਰਸ਼ਾਸਕ ਗਮਾਡਾ ਅਮਨਦੀਪ ਬਾਂਸਲ , ਕਮਿਸ਼ਨਰ ਨਗਰ ਨਿਗਮ ਮੋਹਾਲੀ ਸ੍ਰੀਮਤੀ ਨਵਜੋਤ ਕੌਰ ,ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਮਨਿੰਦਰ ਕੌਰ, ਏਡੀਸੀ (ਸ਼ਹਿਰੀ ਵਿਕਾਸ) ਸ੍ਰੀਮਤੀ ਪੂਜਾ ਐੱਸ ਗਰੇਵਾਲ, ਐਸ ਡੀ ਐਮ ਐਸਏਐਸ ਨਗਰ ਸ੍ਰੀਮਤੀ ਸਰਬਜੀਤ ਕੌਰ ਐੱਸ ਡੀ ਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਐੱਸ ਡੀ ਐੱਮ ਖਰੜ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਤਰਸੇਮ ਚੰਦ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਉੱਚ ਅਧਿਕਾਰੀ ਹਾਜ਼ਰ ਸਨ।