ਚੰਡੀਗੜ੍ਹ 28 ਜੁਲਾਈ 2022: ਅੱਜ ਰਾਤ ਤੋਂ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ | ਇਨ੍ਹਾਂ ਰਾਸ਼ਟਰਮੰਡਲ ਖੇਡਾਂ (Commonwealth Games) ਦਾ ਉਦਘਾਟਨੀ ਸਮਾਗਮ ਅੱਜ ਬਰਮਿੰਘਮ ਵਿੱਚ ਹੋਵੇਗਾ। ਇਵੈਂਟ ਦੀ ਸ਼ੁਰੂਆਤ ਵੀਰਵਾਰ (28 ਜੁਲਾਈ) ਨੂੰ ਇੰਗਲੈਂਡ ਦੇ ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਸ਼ਾਨਦਾਰ ਉਦਘਾਟਨੀ ਸਮਾਗਮ ਨਾਲ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਰਾਸ਼ਟਰਮੰਡਲ ਖੇਡਾਂ ਦਾ 22ਵਾਂ ਐਡੀਸ਼ਨ ਹੈ। 72 ਦੇਸ਼ਾਂ ਦੇ 5000 ਤੋਂ ਵੱਧ ਐਥਲੀਟ 20 ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਤਮਗੇ ਲਈ ਮੁਕਾਬਲਾ ਕਰਨਗੇ। ਬਰਮਿੰਘਮ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ।
ਇੰਗਲੈਂਡ ਤੀਜੀ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਬਰਮਿੰਘਮ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ (Commonwealth Games) 1934 ਵਿੱਚ ਲੰਡਨ ਅਤੇ 2002 ਵਿੱਚ ਮਾਨਚੈਸਟਰ ਵਿੱਚ ਹੋਈਆਂ ਸਨ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ 18ਵੀਂ ਵਾਰ ਭਾਗ ਲਿਆ ਹੈ | ਇਸ ਵਾਰ ਭਾਰਤ ਨੂੰ ਬੈਡਮਿੰਟਨ ਸਟਾਰ ਪੀਵੀ ਸਿੰਧੂ, ਲਕਸ਼ਯ ਸੇਨ, ਕਿਦਾਂਬੀ ਸ਼੍ਰੀਕਾਂਤ, ਪਹਿਲਵਾਨ ਰਵੀ ਦਹੀਆ, ਬਜਰੰਗ ਪੂਨੀਆ, ਮੁੱਕੇਬਾਜ਼ ਲਵਲੀਨ ਬੋਰਗੋਹੇਨ, ਨਿਖਤ ਜ਼ਰੀਨ ਅਤੇ ਵੇਟਲਿਫਟਰ ਮੀਰਾਬਾਈ ਚਾਨੂ ਸਮੇਤ ਕਈ ਐਥਲੀਟਾਂ ਤੋਂ ਸੋਨ ਤਮਗੇ ਦੀ ਉਮੀਦ ਹੈ। ਇਸਦੇ ਨਾਲ ਹੀ ਨੀਰਜ ਚੋਪੜਾ ਦੇ ਬਾਹਰ ਹੋਣ ਕਾਰਨ ਭਾਰਤ ਨੂੰ ਵੱਡਾ ਝਟਕਾ ਮਿਲਿਆ ਹੈ |