July 7, 2024 3:33 pm
ਮੁੱਖ ਮੰਤਰੀ ਚੰਨੀ

ਮੁੱਖ ਮੰਤਰੀ ਚੰਨੀ ਅਤੇ ਸਿੱਧੂ ਸਦਕਾ 2022 ਵਿੱਚ 80 ਤੋਂ ਵੱਧ ਸੀਟਾਂ ਦਾ ਰਿਕਾਰਡ ਬਣਾਵਾਂਗੇ : ਰਾਜਾ ਵੜਿੰਗ

ਚੰਡੀਗੜ੍ਹ, 14 ਨਵੰਬਰ 2021 : ਪੰਜਾਬ ਦੇ ਟਰਾਂਸਪੋਰਟ ਮੰਤਰੀ  ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੁਹਰਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ 2022 ਦੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰੇਗੀ।
ਵੜਿੰਗ ਨੇ ਰਾਜ ਵਿਆਪੀ ਸੜਕ ਸੁਰੱਖਿਆ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, “ਅਸੀਂ ਅਗਲੇ ਸਾਲ 80 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਨਵਾਂ ਰਿਕਾਰਡ ਕਾਇਮ ਕਰਾਂਗੇ।”
ਪਾਰਟੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫੁੱਟ ਦੀਆਂ ਅਫ਼ਵਾਹਾਂ ਨੂੰ ਮੁੱਢੋਂ ਰੱਦ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਖੁੱਲ੍ਹੀ ਆਲੋਚਨਾ ਕਾਂਗਰਸ ਦੇ ਸਿਧਾਂਤ ਦਾ ਹਿੱਸਾ ਹੈ ਅਤੇ ਜਦੋਂ ਵੀ ਮੈਂ ਕੋਈ ਮੁੱਦਾ ਉਠਾਉਂਦਾ ਹਾਂ ਤਾਂ ਰਾਹੁਲ ਗਾਂਧੀ ਮੈਨੂੰ ਜ਼ਿਆਦਾ ਸਮਾਂ ਦਿੰਦੇ ਹਨ ਅਤੇ ਮੇਰੀ ਗੱਲ ਸੁਣਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਸੰਕਲਪ ਨੂੰ ਦੇਖ ਲਿਆ ਹੈ ਅਤੇ ਇੱਕ ਵਾਰ ਫਿਰ ਕਾਂਗਰਸ ਦੇ ਹੱਕ ਵਿੱਚ ਫ਼ਤਵਾ ਦੇਣਗੇ।
ਅਹੁਦਾ ਸੰਭਾਲਣ ਤੋਂ ਬਾਅਦ ਪਿਛਲੇ ਛੇ ਹਫ਼ਤਿਆਂ ਦੌਰਾਨ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਵੜਿੰਗ ਨੇ ਕਿਹਾ ਕਿ ਮਾਲੀਏ ਵਿੱਚ ਰੋਜ਼ਾਨਾ 1 ਕਰੋੜ ਰੁਪਏ ਦਾ ਵਾਧਾ ਸਾਰੇ ਪੰਜਾਬੀਆਂ ਵਾਸਤੇ ਪਾਰਦਰਸ਼ੀ ਅਤੇ ਕੁਸ਼ਲ ਸੇਵਾਵਾਂ ਨੂੰ ਯਕੀਨੀ ਬਣਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੈ।
ਪੰਜਾਬ ਦੇ ਵਸੀਲਿਆਂ ਦੀ ਲੁੱਟ ਵਿੱਚ ਬਾਦਲਾਂ ਨਾਲ ਮਿਲੀਭੁਗਤ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲੈਂਦਿਆਂ  ਵੜਿੰਗ ਨੇ ਕਿਹਾ ਕਿ 6600 ਕਰੋੜ ਰੁਪਏ ਦੇ ਮਾਲੀਏ ਦੀ ਚੋਰੀ ਹੋਈ ਹੈ, ਜੋ ਸਾਡੇ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਵਰਤੀ ਜਾਣੀ ਚਾਹੀਦੀ ਸੀ।
ਵੜਿੰਗ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੇ ਮੁਖੀ ਵਜੋਂ ਕੈਪਟਨ ਅਮਰਿੰਦਰ ਇਸ ਗੜਬੜੀ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।
ਵੜਿੰਗ ਨੇ ਕਿਹਾ ਕਿ ਜੇਕਰ ਮੈਂ ਪਿਛਲੇ ਸਾਢੇ 14 ਸਾਲਾਂ ਤੋਂ ਰੋਜ਼ਾਨਾ 1 ਕਰੋੜ ਰੁਪਏ ਦੀ ਗਿਣਤੀ ਕਰਾਂ ਤਾਂ ਮੇਰੇ ਸੂਬੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀਆਂ ਦੇ ਸਾਹਮਣੇ ਸੱਚ ਲਿਆਉਣ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਵੱਲੋਂ  ਪੁਰਾਣੀ ਕਿਸੇ ਵੀ ਗ਼ੈਰ-ਵਾਜਬ ਕਾਰਵਾਈ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਜਲੰਧਰ ਵਿੱਚ ਠੇਕੇ ‘ਤੇ ਚੱਲ ਰਹੀਆਂ ਬੱਸਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਬਾਰੇ ਪੁੱਛੇ ਜਾਣ ‘ਤੇ ਮੰਤਰੀ ਨੇ ਆਰ.ਟੀ.ਏ. ਨੂੰ ਇਸ ਦੀ ਜਾਂਚ ਕਰਕੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਿਨਾਂ ਕਿਸੇ ਭੇਦਭਾਵ ਦੇ ਕਾਰਵਾਈ ਕਰਨ ਲਈ ਕਿਹਾ।
ਪੰਜਾਬ ਦੇ ਹੱਕਾਂ ਪ੍ਰਤੀ ਦੋਗਲੇ ਸਟੈਂਡ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲੈਂਦਿਆਂ ਵੜਿੰਗ ਨੇ ਕਿਹਾ ਕਿ ਬਾਦਲਾਂ ਨੂੰ ਦਿੱਲੀ ਏਅਰਪੋਰਟ ਤੱਕ ਬੱਸਾਂ ਚਲਾਉਣ ਦੀ ਇਜਾਜ਼ਤ ਦੇ ਕੇ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਆਗਿਆ ਨਾ ਦੇਣਾ ਕੇਜਰੀਵਾਲ ਦੇ ਅਸਲ ਰੰਗਾਂ ਅਤੇ ਬਾਦਲਾਂ ਨਾਲ ਉਸ ਦੀ ਮਿਲੀਭੁਗਤ ਨੂੰ ਬੇਪਰਦ ਕਰਦਾ ਹੈ।