Site icon TheUnmute.com

ਦੱਖਣੀ ਕੋਰੀਆ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਪਹੁੰਚਣ ‘ਤੇ CM ਮਾਨ ਵੱਲੋਂ ਭਾਰਤੀ ਹਾਕੀ ਟੀਮ ਨੂੰ ਵਧਾਈ

government jobs

ਚੰਡੀਗੜ੍ਹ, 4 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹਾਂਗਜ਼ੂ (ਚੀਨ) ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਪ੍ਰਵੇਸ਼ ਕਰਨ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਭਾਰਤੀ ਹਾਕੀ ਟੀਮ (INDIAN HOCKEY TEAM) ਨੂੰ ਵਧਾਈ ਦਿੱਤੀ ਹੈ।ਮੁੱਖ ਮੰਤਰੀ ਨੇ ਜਿੱਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਡੇ ਦੇਸ਼ ਲਈ ਬਹੁਤ ਹੀ ਮਾਣ ਅਤੇ ਇਤਿਹਾਸਕ ਪਲ ਹਨ ਕਿਉਂ ਜੋ ਸਾਡੀ ਹਾਕੀ ਟੀਮ ਨੇ ਸੈਮੀ-ਫਾਈਨਲ ਵਿੱਚ ਦੱਖਣੀ ਕੋਰੀਆ ਦੀ ਟੀਮ ਨੂੰ 5-3 ਦੇ ਫਰਕ ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਦਸਤਕ ਦੇ ਦਿੱਤੀ ਹੈ।

ਖੁਸ਼ੀ ਦੇ ਪਲਾਂ ਨੂੰ ਸਾਂਝਾ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮੁੱਚੀ ਟੀਮ ਨੇ ਇਸ ਵੱਕਾਰੀ ਸਨਮਾਨ ਨਾਲ ਹਰੇਕ ਦੇਸ਼ ਵਾਸੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਹਾਕੀ ਦੇ ਸੁਨਹਿਰੇ ਭਵਿੱਖ ਦੇ ਭਰੋਸੇ ਨਾਲ ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ, ਜਦੋਂ ਸਾਡੀ ਕੌਮੀ ਖੇਡ ਹਾਕੀ ਛੇਤੀ ਹੀ ਆਪਣੀ ਪੁਰਾਤਨ ਸ਼ਾਨ ਹਾਸਲ ਕਰ ਲਵੇਗੀ।

ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਭਾਰਤੀ ਹਾਕੀ ਟੀਮ (INDIAN HOCKEY TEAM) ਦੀ ਇਹ ਸ਼ਾਨਦਾਰ ਜਿੱਤ ਸਾਡੇ ਲੱਖਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ ਜੋ ਖੇਡਾਂ ਦੇ ਖੇਤਰ ਵਿੱਚ ਤਨੋ-ਮਨੋ ਸਖ਼ਤ ਮਿਹਨਤ ਕਰ ਰਹੇ ਹਨ। ਟੀਮ ਦੇ ਸ਼ਾਨਦਾਰ ਭਵਿੱਖ ਤੇ ਸਫਲਤਾ ਲਈ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਭਾਰਤੀ ਹਾਕੀ ਟੀਮ ਫਾਈਨਾਲ ਵਿੱਚ ਬਾਜ਼ੀ ਮਾਰ ਕੇ ਦੇਸ਼ ਦਾ ਮਾਣ ਹੋਰ ਵਧਾਏਗੀ।

Exit mobile version