Site icon TheUnmute.com

CM ਨਾਇਬ ਸੈਣੀ ਦੀ PM ਮੋਦੀ ਨਾਲ ਮੁਲਾਕਾਤ, ਹਰਿਆਣਾ ‘ਚ ਕਈਂ ਪ੍ਰੋਜੈਕਟਾਂ ਨੂੰ ਮਨਜ਼ੂਰੀ

Haryana

ਚੰਡੀਗੜ੍ਹ, 26 ਅਕਤੂਬਰ 2024: ਹਰਿਆਣਾ (Haryana) ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦਰਮਿਆਨ ਸੂਬੇ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਅਤੇ ਸਕੀਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਕੇਂਦਰ ਅਤੇ ਹਰਿਆਣਾ ਦੀ ਡਬਲ ਇੰਜਣ ਵਾਲੀ ਸੂਬਾ ਸਰਕਾਰ ਹਰਿਆਣਾ ਦੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ੀ ਨਾਲ ਅੱਗੇ ਵਧਾਏਗੀ ਅਤੇ ਵਿਕਾਸ ਦੇ ਲਿਹਾਜ਼ ਨਾਲ “ਨੌਨਸਟਾਪ ਹਰਿਆਣਾ-ਵਧਦਾ ਹਰਿਆਣਾ” ਹੋਵੇਗਾ।

ਮੁੱਖ ਮੰਤਰੀ ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਤਲੀ ਵੀ ਮੌਜੂਦ ਸਨ।

ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਬੀਤੇ ਦਿਨ ਹਰਿਆਣਾ ਵਿਧਾਨ ਸਭਾ ‘ਚ ਸਾਰੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਸਹੁੰ ਚੁੱਕੀ ਅਤੇ ਅੱਜ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਹੈ । ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਾਲ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹਰਿਆਣਾ (Haryana)  ‘ਚ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਦਾ ਜੀਵਨ ਆਸਾਨ ਬਣਾਇਆ ਜਾ ਸਕੇ। ਇਸ ਲੜੀ ‘ਚ ਹਾਲ ਹੀ ‘ਚ ਉਨ੍ਹਾਂ ਨੇ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਅਤੇ ਕੇਂਦਰੀ ਸੜਕ, ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਨਵੀਂ ਦਿੱਲੀ ‘ਚ ਬੈਠਕ ਕੀਤੀ, ਜਿਸ ‘ਚ ਕਈ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹਰਿਆਣਾ (Haryana) ਨੂੰ ਵਿਕਾਸ ਦੇ ਮਾਮਲੇ ‘ਚ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਕੰਮ ਕਰਾਂਗੇ। ਇਨ੍ਹਾਂ ਪ੍ਰੋਜੈਕਟਾਂ ਦੇ ਤਹਿਤ, ਗੁਰੂਗ੍ਰਾਮ ‘ਚ ਮੈਟਰੋ ਰੇਲ ਅਤੇ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰ.ਆਰ.ਟੀ.ਐਸ.) ਦਾ ਵਿਸਤਾਰ ਹੋਵੇਗਾ, ਜਦਕਿ ਸਰਾਏ ਕਾਲੇਖਾਂ ਤੋਂ ਪਾਣੀਪਤ ਤੱਕ ਜਾਣ ਵਾਲੇ ਆਰ.ਆਰ.ਟੀ.ਐਸ ਪ੍ਰੋਜੈਕਟ ਨੂੰ ਕਰਨਾਲ ਤੱਕ ਵਧਾਉਣ ਦਾ ਕੰਮ ਵੀ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਹਰਿਆਣਾ (Haryana) ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਇਨ੍ਹਾਂ ਪ੍ਰਾਜੈਕਟਾਂ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ ਅਤੇ ਉਨ੍ਹਾਂ ਦਾ ਸਫ਼ਰ ਨਿਰਵਿਘਨ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਦੀ ਸ਼ੁਰੂਆਤ ਪਾਣੀਪਤ, ਹਰਿਆਣਾ ਤੋਂ ਕੀਤੀ ਸੀ ਅਤੇ ਪਿਛਲੇ 10 ਸਾਲਾਂ ਵਿੱਚ ਮੋਦੀ ਸਰਕਾਰ ਨੇ ਬੀਬੀਆਂ ਦੇ ਸਸ਼ਕਤੀਕਰਨ ਲਈ ਕੰਮ ਕੀਤਾ ਹੈ।

ਇਸ ਸੰਦਰਭ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਨਾਰੀ ਸ਼ਕਤੀ ਵੰਦਨ ਬਿੱਲ ਪਾਸ ਕਰਕੇ ਬੀਬੀਆਂ ਦੇ ਸਸ਼ਕਤੀਕਰਨ ਅਤੇ ਮਜ਼ਬੂਤ ​​ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਜਿੱਥੇ ਭੈਣਾਂ ਅਤੇ ਧੀਆਂ ਵੱਡੀ ਗਿਣਤੀ ‘ਚ ਵਿਧਾਨ ਸਭਾਵਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾ ਸਕਣਗੀਆਂ, ਉੱਥੇ ਹੀ ਵਿਕਾਸ ਦੀ ਗਤੀ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਹੋਵੇਗੀ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੀਬੀਆਂ ਦੇ ਸਵੈ-ਸਹਾਇਤਾ ਸਮੂਹਾਂ ਦੇ ਸਸ਼ਕਤੀਕਰਨ ਦੇ ਨਾਲ-ਨਾਲ ਡਰੋਨ ਦੀਦੀ ਵਰਗੀਆਂ ਯੋਜਨਾਵਾਂ ਲਾਗੂ ਕੀਤੀਆਂ ਹਨ ਤਾਂ ਜੋ ਬੀਬੀਆਂ ਆਪਣੇ ਹੁਨਰ ਵਿੱਚ ਮੁਹਾਰਤ ਹਾਸਲ ਕਰ ਸਕਣ। ਡਬਲ ਇੰਜਣ ਵਾਲੀ ਸਰਕਾਰ ਡਰੋਨ ਦੀਦੀ ਵਰਗੀਆਂ ਸਕੀਮਾਂ ਲਗਾਤਾਰ ਲਾਗੂ ਕਰ ਰਹੀ ਹੈ।

ਝੋਨੇ ਦੀ ਲਿਫਟਿੰਗ ਅਤੇ ਖਰੀਦ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ 17 ਫੀਸਦੀ ਤੱਕ ਨਮੀ ਵਾਲੇ ਝੋਨੇ ਦਾ ਹਰ ਦਾਣਾ ਖਰੀਦਿਆ ਜਾਵੇ ਅਤੇ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਸਬੰਧਤ ਅਫਸਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਆਯੋਜਨ ਦੇ ਸਬੰਧ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਗੀਤਾ ਦੀ ਧਰਤੀ ਕੁਰੂਕਸ਼ੇਤਰ ਵਿਚ ਹਰ ਸਾਲ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਲੋਕ ਹਿੱਸਾ ਲੈਣ ਲਈ ਆਉਂਦੇ ਹਨ | ਜਿਸ ਵਿੱਚ ਕੇਂਦਰੀ ਮੰਤਰੀਆਂ ਸਮੇਤ ਕਈ ਪਤਵੰਤਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ।

ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਸਬੰਧੀ ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ | ਜਿਸ ਤਹਿਤ ਵਿਧਾਇਕ ਨੂੰ 20 ਹਜ਼ਾਰ ਮੈਂਬਰ ਜੋੜਨ ਦਾ ਟੀਚਾ ਮਿਲਿਆ ਹੈ ਅਤੇ ਸੰਸਦ ਮੈਂਬਰ ਨੂੰ 30 ਹਜ਼ਾਰ ਮੈਂਬਰ ਜੋੜਨ ਦਾ ਟੀਚਾ ਹੈ ਅਤੇ ਭਾਜਪਾ ਦਾ ਹਰ ਵਰਕਰ ਅਤੇ ਉਮੀਦਵਾਰ ਇਸ ਮੈਂਬਰਸ਼ਿਪ ਮੁਹਿੰਮ ਨੂੰ ਅੱਗੇ ਵਧਾ ਰਿਹਾ ਹੈ।

ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਆਗੂ ਦੀ ਚੋਣ ਨਾ ਕਰਨ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਅਤੇ ਕਾਂਗਰਸ ‘ਚ ਆਪਸੀ ਕਲੇਸ਼ ਚੱਲ ਰਿਹਾ ਹੈ। ਕਾਂਗਰਸ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਵੀ ਚਿੰਤਾਜਨਕ ਹੈ ਕਿਉਂਕਿ ਕਾਂਗਰਸ ਅਤੇ ਇੰਡੀਆ ਗਠਜੋੜ ਦੇ ਲੋਕ ਝੂਠ ਫੈਲਾਉਣ ਦਾ ਕੰਮ ਕਰਦੇ ਹਨ।

ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਯੂਸ਼ਮਾਨ ਕਾਰਡ ਸਾਰਿਆਂ ਲਈ ਸਕੀਮ ਲਾਗੂ ਕੀਤੀ ਹੈ ਪਰ ਕਾਂਗਰਸ ਅਤੇ ਇੰਡੀਆ ਗਠਜੋੜ ਦੇ ਲੋਕ ਇਸ ‘ਚ ਵੀ ਨੁਕਸ ਕੱਢਦੇ ਹਨ, ਜਦਕਿ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਸਕੀਮ ਦਾ ਲਾਭ ਬਿਨਾਂ ਕਿਸੇ ਭੇਦਭਾਵ ਤੋਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਦੇਸ਼ ਅਤੇ ਸੂਬੇ ‘ਚੋਂ ਸਫਾਇਆ ਹੋ ਚੁੱਕਾ ਹੈ।

Exit mobile version