July 1, 2024 12:09 am
ਪਿੰਡ ਮਿੱਡਾ

ਮਲੋਟ ਬਲਾਕ ਦੇ ਪਿੰਡ ਮਿੱਡਾ ਪਹੁੰਚੇ CM ਮਾਨ, ਕਿਹਾ ਕਿਸਾਨਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ

ਚੰਡੀਗੜ੍ਹ 28 ਜੁਲਾਈ 2022: ਮੁੱਖ ਮੰਤਰੀ ਭਗਵੰਤ ਮਾਨ ਮਲੋਟ ਬਲਾਕ ਲੰਬੀ ਦੇ ਪਿੰਡ ਮਿੱਡਾ ਵਿਖੇ ਪਹੁੰਚੇ ਹਨ | ਮੁੱਖ ਮੰਤਰੀ ਨੇ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤੀ ਮਾਰ ਝੱਲ ਰਹੇ ਕਿਸਾਨਾਂ ਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕੋਲ ਪ੍ਰਭਾਵਿਤ ਕਿਸਾਨਾਂ ਦੀਆਂ ਅਰਜ਼ੀਆਂ ਪਹੁੰਚ ਗਈਆਂ ਹਨ।

ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ‘ਚ ਗਿਰਦਾਵਰੀ ਕਰਕੇ ਕਿਸਾਨਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ। ਇਸਦੇ ਨਾਲ ਹੀ ਪਿਛਲੀ ਸਰਕਾਰਾਂ ਨੂੰ ਘੇਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਕਦੇ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਹੋ ਕੇ ਨਹੀਂ ਸੁਣਿਆ ਅਤੇ ਉਹ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਆਪਣੀਆਂ ਮੁਸ਼ਕਿਲਾਂ ਸੰਬੰਧੀ ਕਦੋਂ ਵੀ ਸਾਨੂੰ ਦੱਸ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨਾਲ ਹਲਕਾ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਰਹੇ । ਇਸ ਦੌਰਾਨ ਕਿਸਾਨਾਂ ਨੇ ਮੁੱਖ ਮੰਤਰੀ ਦੀ ਆਮਦ ਮੌਕੇ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।

ਮੁੱਖ ਮੰਤਰੀ ਭਗਵੰਤ ਮਾਨ ਮਲੋਟ ਬਲਾਕ ਅਤੇ ਲੰਬੀ ਹਲਕੇ ਦੇ ਪਿੰਡ ਮਿੱਡਾ, ਰਾਣੀਵਾਲਾ, ਪੰਨੀਵਾਲਾ ਵਿਖੇ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ | ਜਿਕਰਯੋਗ ਹੈ ਕਿ ਉਕਤ ਪਿੰਡਾਂ ‘ਚ 15 ਜੁਲਾਈ ਤੋਂ ਬਾਅਦ ਹਾਲੇ ਤੱਕ ਵੀ ਖੇਤਾਂ ‘ਚ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਖੜ੍ਹਾ ਨਜ਼ਰ ਆ ਰਿਹਾ ਹੈ ਅਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ । ਭਾਰੀ ਮੀਂਹ ਕਾਰਨ ਝੋਨੇ ਅਤੇ ਨਰਮੇ ਦੀਆਂ ਫ਼ਸਲਾਂ ਸਮੇਤ ਪਸ਼ੂਆਂ ਦੇ ਪੱਠੇ ਤੱਕ ਵੀ ਨੁਕਸਾਨੇ ਗਏ ਹਨ। ਕਿਸਾਨ ਗਿਰਦਾਵਰੀ ਕਰਕੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਕਤ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਜਾ ਸਕਦਾ ਹੈ।