Site icon TheUnmute.com

CM ਮਾਨ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ, ਮੋਹਾਲੀ ਨੂੰ ਸਮਾਰਟ ਸਿਟੀ ਪ੍ਰਾਜੈਕਟ ‘ਚ ਸ਼ਾਮਲ ਕਰਨ ਦੀ ਕੀਤੀ ਮੰਗ

Mohali

ਨਵੀਂ ਦਿੱਲੀ, 15 ਜੂਨ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਕਾਨ ਉਸਾਰੀ ਅਤੇ ਵਿਕਾਸ ਬਾਰੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮਿਲ ਕੇ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਐਸ.ਏ.ਐਸ ਨਗਰ (Mohali) ਨੂੰ ਸ਼ਾਮਲ ਕਰਨ ਵਾਸਤੇ ਜ਼ੋਰ ਪਾਇਆ ਤਾਂ ਜੋ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।

ਮੁੱਖ ਮੰਤਰੀ ਨੇ ਅੱਜ ਇੱਥੇ ਹਰਦੀਪ ਪੁਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਅਤੇ ਮੋਹਾਲੀ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਟ੍ਰਾਈ ਸਿਟੀ ਦਾ ਹਿੱਸਾ ਹੋਣ ਕਰਕੇ ਮੋਹਾਲੀ ਸ਼ਹਿਰ ਵਿਸ਼ੇਸ਼ ਮਹੱਤਵ ਰੱਖਦਾ ਹੈ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਜ਼ਿਆਦਾਤਰ ਵਿਭਾਗਾਂ ਦੇ ਮੁੱਖ ਦਫ਼ਤਰ ਵੀ ਇਸੇ ਸ਼ਹਿਰ ਵਿੱਚ ਹਨ, ਜਿਸ ਕਾਰਨ ਇਸ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਲਾਜ਼ਮੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸ਼ਹਿਰ (Mohali) ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਸ਼ਾਮਲ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਇਸ ਦੇ ਸਰਬਪੱਖੀ ਅਤੇ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੋਹਾਲੀ ਅਤੇ ਇਸ ਦੇ ਨਾਲ ਲਗਦੀਆਂ ਮਿਉਂਸਪਲ ਕਮੇਟੀਆਂ ਜਿਵੇਂ ਜ਼ੀਰਕਪੁਰ, ਖਰੜ, ਡੇਰਾਬੱਸੀ ਅਤੇ ਕੁਰਾਲੀ ਵਿੱਚ ਕੌਮਾਂਤਰੀ ਹਵਾਈ ਅੱਡੇ/ਵਿਦਿਅਕ ਸੰਸਥਾਵਾਂ/ਟਾਊਨਸ਼ਿਪਾਂ ਅਤੇ ਉਦਯੋਗਾਂ ਦੀ ਸਥਾਪਨਾ ਦੇ ਰੂਪ ਵਿੱਚ ਵੱਡੇ ਪੱਧਰ ‘ਤੇ ਵਿਕਾਸ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਖੇਤਰ ਨੂੰ ਯੋਜਨਾਬੱਧ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਿਸ਼ੇਸ਼ ਫੰਡਾਂ ਦੀ ਲੋੜ ਹੈ।

ਹੋਰ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਨੇ ਪਹਿਲਾਂ ਵਾਂਗ ਅਮਰੁਤ 1 ਦੀ ਤਰ੍ਹਾਂ ਹੀ ਅਮਰੁਤ 2.0 ਤਹਿਤ ਵੀ ਫੰਡਾਂ ਦੇ ਉਸੇ ਅਨੁਪਾਤ ਨੂੰ ਬਹਾਲ ਕਰਨ ਦੀ ਬੇਨਤੀ ਕੀਤੀ । ਉਨ੍ਹਾਂ ਕਿਹਾ ਕਿ ਅਮਰੁਤ 1.0 ਤਹਿਤ ਇਕ ਲੱਖ ਤੋਂ 10 ਲੱਖ ਆਬਾਦੀ ਦੀ ਸ਼੍ਰੇਣੀ ਵਾਲੇ ਕਸਬਿਆਂ ਲਈ ਕੇਂਦਰ ਅਤੇ ਰਾਜ ਦਾ ਹਿੱਸਾ 50:50 ਸੀ ਜਦੋਂ ਕਿ ਅਮਰੁਤ 2.0 ਤਹਿਤ, ਆਬਾਦੀ ਦੀ ਇਸੇ ਸ਼੍ਰੇਣੀ ਵਾਲੇ ਕਸਬਿਆਂ ਲਈ ਕੇਂਦਰ ਅਤੇ ਰਾਜ ਦਾ ਹਿੱਸਾ ਬਦਲ ਕੇ 33:67 ਕਰ ਦਿੱਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਲਈ ਇਹ ਅਨੁਪਾਤ 33:67 (ਕੇਂਦਰ ਅਤੇ ਰਾਜ ਦਾ ਹਿੱਸਾ) ਸੀ ਅਤੇ ਅਮਰੁਤ 2.0 ਤਹਿਤ, ਇਹ ਅਨੁਪਾਤ ਹੁਣ 75:25 ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸ਼ਹਿਰ ਬਹੁਤ ਤੇਜ਼ੀ ਨਾਲ ਫੈਲ ਰਹੇ ਹਨ, ਇਸ ਲਈ ਇਨ੍ਹਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਲਗਾਤਾਰ ਲੋੜ ਹੈ, ਜਿਸ ਲਈ ਪੁਰਾਣਾ ਅਨੁਪਾਤ ਹੀ ਬਹਾਲ ਕੀਤਾ ਜਾਣਾ ਚਾਹੀਦਾ ਹੈ।

Exit mobile version