ਬਿਜਲੀ ਸੌਦਿਆਂ ਨੂੰ ਰੱਦ ਕਰਨ ਬਾਰੇ ਝੂਠ ਬੋਲ ਰਹੇ ਸੀ ਐੱਮ ਚੰਨੀ: ਹਰਪਾਲ ਚੀਮਾ

ਚੰਡੀਗੜ੍ਹ, 20 ਨਵੰਬਰ 2021: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਚੰਨੀ ਨੇ ਝੂਠ ਬੋਲਣ ਵਿੱਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਪਛਾੜ ਦਿੱਤਾ ਹੈ।

ਹਰਪਾਲ ਸਿੰਘ ਚੀਮਾ ਨੇ ਦਲੀਲ ਦਿੱਤੀ ਕਿ ਮੁੱਖ ਮੰਤਰੀ ਚੰਨੀ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਘਾਤਕ ਅਤੇ ਮਹਿੰਗੇ ਬਿਜਲੀ ਖਰੀਦ ਸਮਝੌਤਿਆਂ (ਪੀਪੀਏ) ਨੂੰ ਰੱਦ ਕਰਨ ਬਾਰੇ ਨਾ ਸਿਰਫ਼ ਝੂਠ ਬੋਲ ਰਹੇ ਹਨ; ਸਗੋਂ ਇਸ ਕੂੜ ਪ੍ਰਚਾਰ ‘ਤੇ ਸਰਕਾਰੀ ਖਜ਼ਾਨੇ ‘ਚੋਂ ਕਰੋੜਾਂ ਰੁਪਏ ਖਰਚ ਕਰਕੇ ਆਪਣਾ ਖੋਖਲਾ ਪ੍ਰਚਾਰ ਕਰ ਰਿਹਾ ਸੀ।ਸ਼ਨੀਵਾਰ ਨੂੰ ਇੱਥੇ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਇੱਕ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚੰਨੀ ਨੂੰ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਸਬੰਧੀ ਇੱਕ ਵੀ ਦਸਤਾਵੇਜ਼ ਜਾਂ ਨੋਟੀਫਿਕੇਸ਼ਨ ਦਿਖਾ ਕੇ ਇਹ ਸਾਬਤ ਕਰਨ ਦੀ ਚੁਣੌਤੀ ਦਿੱਤੀ ਕਿ ਹੋਰਡਿੰਗਾਂ ‘ਤੇ ਬਿਜਲੀ ਦੇ ਠੇਕੇ ਰੱਦ ਕਰਨ ਸਬੰਧੀ ਇਸ਼ਤਿਹਾਰ ਅਤੇ ਪੰਜਾਬ ਭਰ ਦੇ ਬੋਰਡ ਸਹੀ ਹਨ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਜਲੀ ਸਮਝੌਤੇ ਰੱਦ ਕੀਤੇ ਬਿਨਾਂ ਰੱਦ ਕਰਨ ਦਾ ਦਾਅਵਾ ਕਰਨਾ ਸਿਰਫ਼ ਧੋਖਾਧੜੀ ਹੀ ਨਹੀਂ ਸਗੋਂ ਸਜ਼ਾਯੋਗ ਅਪਰਾਧ ਵੀ ਹੈ।ਉਨ੍ਹਾਂ ਚੰਨੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪਾਰਟੀ ਚੰਨੀ ਸਰਕਾਰ ਦੇ ਕੂੜ ਅਤੇ ਗੁੰਮਰਾਹਕੁੰਨ ਪ੍ਰਚਾਰ ਬਾਰੇ ਜਾਗਰੂਕਤਾ ਮੁਹਿੰਮ ਚਲਾਏਗੀ; ਜੇਕਰ ਸਰਕਾਰ ਵੱਲੋਂ ਜਨਤਾ ਦੇ ਪੈਸੇ ਨਾਲ ਕੀਤੇ ਜਾ ਰਹੇ ਇਸ ਕੂੜ ਪ੍ਰਚਾਰ ਨੂੰ ਤੁਰੰਤ ਬੰਦ ਨਾ ਕੀਤਾ ਗਿਆ।

ਚੀਮਾ ਨੇ ਅੱਗੇ ਕਿਹਾ, “ਜੇ ਲੋੜ ਪਈ ਤਾਂ ਅਜਿਹੇ ਕੂੜ ਪ੍ਰਚਾਰ ਵਿਰੁੱਧ ਸਰਕਾਰ ਨੂੰ ਅਦਾਲਤ ਵਿੱਚ ਲਿਜਾਇਆ ਜਾ ਸਕਦਾ ਹੈ।” ‘ਆਪ’ ਆਗੂ ਨੇ ਅੱਗੇ ਕਿਹਾ ਕਿ ਚੰਨੀ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਬਿਜਲੀ ਦੇ ਸੌਦੇ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਇਸ ਲਈ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਦਾਅਵਾ ਕੀਤਾ ਗਿਆ ਸੀ। ਪਰ ਸਰਕਾਰ ਵਿਧਾਨ ਸਭਾ ਸੈਸ਼ਨ ਬੁਲਾਉਣ ਤੋਂ ਭੱਜਦੀ ਰਹੀ।

ਆਖ਼ਰ ਦੋ ਮਹੀਨਿਆਂ ਬਾਅਦ ਜਦੋਂ ਵਿਧਾਨ ਸਭਾ ਦਾ ਦੋ ਰੋਜ਼ਾ ਇਜਲਾਸ ਸੰਵਿਧਾਨਕ ਬਹਾਨੇ ਨਾਲ ਬੁਲਾਇਆ ਗਿਆ ਤਾਂ ਚੰਨੀ ਸਰਕਾਰ ਨੇ ਬਿਜਲੀ ਦੇ ਮਾਰੂ ਸੌਦਿਆਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਚੋਣਾਂ ਦੇ ਮੱਦੇਨਜ਼ਰ, ਪਾਵਰ ਡੀਲਜ਼ ‘ਤੇ ਟੈਰਿਫਾਂ ਵਿਚ ਹੇਰਾਫੇਰੀ ਕਰਨ ਦਾ ‘ਡਰਾਮਾ’ ਹੋਇਆ ਹੈ ਜਿਸ ਨੂੰ ਪੀਪੀਏਜ਼ ਨੂੰ ਰੱਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ; ਜੋ ਕਿ ਨੈਤਿਕ ਅਤੇ ਅਮਲੀ ਤੌਰ ‘ਤੇ ਗਲਤ ਹੈ।

ਚੀਮਾ ਨੇ ਸੱਤਾਧਾਰੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਸਮਝੌਤੇ ਰੱਦ ਕਰਨ ਸਬੰਧੀ ਚੰਨੀ ਸਰਕਾਰ ਦੇ ਦਾਅਵਿਆਂ ‘ਤੇ ਵੀ ਸਪੱਸ਼ਟੀਕਰਨ ਮੰਗਿਆ ਹੈ।ਉਨ੍ਹਾਂ ਕਿਹਾ ਕਿ ਜਿੰਨਾ ਚਿਰ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੋਏ ਮਾਰੂ, ਮਹਿੰਗੇ ਅਤੇ ਇਕਪਾਸੜ ਸਮਝੌਤੇ ਰੱਦ ਨਹੀਂ ਕੀਤੇ ਜਾਂਦੇ ਅਤੇ ਨਵੇਂ ਸਸਤੇ ਅਤੇ ਪੰਜਾਬ ਪੱਖੀ ਸਮਝੌਤੇ ਨਹੀਂ ਕੀਤੇ ਜਾਂਦੇ, ਓਨਾ ਚਿਰ ਬਿਜਲੀ ਮਾਫੀਆ ਤੋਂ ਪੰਜਾਬ ਦੇ ਲੋਕਾਂ ਅਤੇ ਖਜ਼ਾਨੇ ਨੂੰ ਰਾਹਤ ਨਹੀਂ ਮਿਲ ਸਕੇਗੀ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਜਲੀ ਮਾਫੀਆ ਖਿਲਾਫ ‘ਆਪ’ ਦੇ ਲੰਬੇ ਸੰਘਰਸ਼ ਨੇ ਪੰਜਾਬ ਦੇ ਲੋਕਾਂ ਵਿੱਚ ਵੱਡੀ ਪੱਧਰ ‘ਤੇ ਜਾਗਰੂਕਤਾ ਲਿਆਂਦੀ ਹੈ, ਜਿਸ ਕਾਰਨ ਸੱਤਾਧਾਰੀ ਕਾਂਗਰਸ ਲਈ ਉੱਚ ਬਿਜਲੀ ਬਿੱਲਾਂ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਬਿਜਲੀ ਗਰੰਟੀ ਸਬੰਧੀ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਔਖਾ ਹੋ ਗਿਆ ਹੈ। ਇਸ ਤੋਂ ਬਚਣ ਲਈ ਚੰਨੀ ਸਰਕਾਰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਸਸਤੀ ਬਿਜਲੀ ਦੇਣ ਅਤੇ ਬਿਜਲੀ ਸਮਝੌਤੇ ਰੱਦ ਕਰਨ ਬਾਰੇ ਝੂਠੇ ਪ੍ਰਚਾਰ ਦਾ ਸਹਾਰਾ ਲੈ ਰਹੀ ਹੈ। ਪਰ ਪੰਜਾਬ ਦੇ ਲੋਕ ਇਸ ਕੂੜ ਪ੍ਰਚਾਰ ਤੋਂ ਭਲੀਭਾਂਤ ਜਾਣੂ ਹਨ, ਕਿਉਂਕਿ ਬਿਜਲੀ ਦੇ ਨਵੇਂ ਬਿੱਲਾਂ ਤੋਂ ਵੀ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ।

ਚੀਮਾ ਨੇ ਦਾਅਵਾ ਕੀਤਾ ਕਿ ਸਿਰਫ਼ ਅਰਵਿੰਦ ਕੇਜਰੀਵਾਲ ਹੀ ਸਸਤੀ ਬਿਜਲੀ, 24 ਘੰਟੇ ਅਤੇ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਦੇਣ ਦੀ ਗਰੰਟੀ ਦੇ ਸਕਦੇ ਹਨ। ਕਿਉਂਕਿ ਉਨ੍ਹਾਂ (ਕੇਜਰੀਵਾਲ) ਨੇ ਅਜਿਹਾ ਮਾਡਲ ਦਿੱਲੀ ਵਿੱਚ ਲਾਗੂ ਕੀਤਾ ਹੈ।

Scroll to Top