VIJAY PARTAP SINGH

CM ਚੰਨੀ ਫੇਰ ਕਿਸਾਨ ਅਤੇ ਮਜ਼ਦੂਰਾਂ ਨੂੰ ਕਰ ਰਹੇ ਹਨ ਗੁਮਰਾਹ : ਕੁੰਵਰ ਵਿਜੈ ਪ੍ਰਤਾਪ ਸਿੰਘ

ਚੰਡੀਗੜ੍ਹ 18 ਨਵੰਬਰ 2021 : 26 ਨਵੰਬਰ ਨੂੰ ਕਿਸਾਨੀ ਅੰਦੋਲਨ ਨੂੰ ਇੱਕ ਸਾਲ ਪੂਰਾ ਹੋ ਜਾਣ ਦੇ ਚਲਦੇ ਸਾਹਿਤਕ ਕਿਸਾਨਾ ਦੇ ਉੱਤੇ ਥੋਪੇ ਖੇਤੀ ਸੁਧਾਰ ਕਾਨੂੰਨ ਰੱਦ ਨਾ ਹੋਣ ਤੇ ਕਿਸਾਨਾਂ ਨਾਲ ਹਮਦਰਦੀ ਜਤਾਉਂਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਜੇ ਕਿਸੇ ਨਾਲ ਸਭ ਤੋਂ ਵੱਡਾ ਧੋਖਾ ਹੋਇਆ ਸੀ ਤਾਂ ਉਹ ਅੰਨਦਾਤਾ ਨਾਲ ਹੋਇਆ ਸੀ। ਅੰਨਦਾਤਾ ਨਾਲ ਧੋਖਾ ਕਰਨ ‘ਚ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਇੱਕ ਦੂਸਰੇ ਤੋਂ ਵਧ ਕੇ ਰਹੀਆਂ ਹਨ। ਸਭ ਤੋਂ ਵੱਡਾ ਦਰਦ ਇਹ ਹੈ ਕਿ ਪੰਜਾਬ ਦੀ ਸਰਕਾਰ ਜਦੋਂ ਕਿਸਾਨਾਂ ਨਾਲ ਧੋਖਾ ਕਰੇ ਤਾਂ ਇਸ ਦੀ ਕੋਈ ਮੁਆਫ਼ੀ ਨਾਮਾ ਨਹੀਂ ਹੈ ਅਤੇ ਨਾ ਹੀ ਕੋਈ ਮਿਸਾਲ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਸੂਬੇ ਦੇ ਕਿਸਾਨ ਜੋ ਪੂਰੇ ਦੇਸ਼ ਦਾ ਪੇਟ ਭਰ ਰਿਹਾ ਹੈ। ਉਸ ਦਾ ਦੁਹਰਾ ਨੁਕਸਾਨ ਇਹ ਹੋਇਆ ਕਿ ਖੇਤੀ ਵਿਰੋਧੀ ਨੀਤੀਆਂ ਕਰਕੇ ਕਿਸਾਨ-ਮਜ਼ਦੂਰ ਕਰਜ਼ੇ ਥੱਲੇ ਆ ਗਿਆ। ਦੂਜੇ ਪਾਸੇ ਸਾਡੇ ਲੀਡਰਾਂ ਦੀ ਦੂਰਅੰਦੇਸ਼ੀ ਘਾਟ ਕਾਰਨ ਅਸੀਂ ਆਪਣੀ ਜ਼ਮੀਨ, ਆਪਣਾ ਪਾਣੀ ਅਤੇ ਆਪਣੀ ਆਬੋ-ਹਵਾ ਲੁਟਾ ਬੈਠੇ। ਇਸ ਦਾ ਨਤੀਜਾ ਇਹ ਹੋਇਆ ਪਿਛਲੇ 3 ਦਹਾਕਿਆਂ ਤਾਂ ਲਗਾਤਾਰ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਰਿਹਾ ਹੈ। ਇਨ੍ਹਾਂ ਸਭ ਲਈ ਜਿਹੜੇ ਹੁਣ ਤੱਕ ਰਾਜ ਕਰ ਰਹੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।
ਉਹਨਾਂ ਕਿਹਾ ਕਾਂਗਰਸ ਜਿਸ ਨੇ 19 ਜਨਵਰੀ 2017 ਨੂੰ ਲਿਖਤੀ ਤੌਰ ‘ਤੇ ਕਿਸਾਨ-ਮਜ਼ਦੂਰ ਨਾਲ ਸੰਪੂਰਨ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਜਿਸ ਵਿਚ ਸਰਕਾਰੀ, ਸਹਿਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ ਨਾਲ-ਨਾਲ ਗੈਰ ਸੰਗਠਿਤ ਖੇਤਰ ‘ਚੋਂ ਚੁੱਕੇ ਹੋਏ ਕਰਜ਼ੇ ਸ਼ਾਮਿਲ ਹਨ, ਜਿਹੜਾ ਕਰੀਬ ਕਰੀਬ ਡੇਢ ਲੱਖ ਕਰੋੜ ਬਣਦਾ ਹੈ। ਇਸ ਵਾਅਦੇ ਲਈ ਬਕਾਇਦਾ ਕਿਸਾਨ ਅਤੇ ਮਜ਼ਦੂਰਾਂ ਤੋਂ ਫਾਰਮ ਵੀ ਭਰਵਾਏ ਸਨ, ਪਰੰਤੂ ਅਫ਼ਸੋਸ ਸਰਕਾਰ ਬਣਦੇ ਹੀ ਕਾਂਗਰਸ ਨੇ ਆਪਣਾ ਅਸਲੀ ਕਿਰਦਾਰ ਲੋਕਾਂ ਨੂੰ ਦਿਖਾ ਦਿੱਤਾ।ਉਹਨਾਂ ਕਿਹਾ ਕਿ ਹੁਣ ਚਰਨਜੀਤ ਸਿੰਘ ਚੰਨੀ ਫੇਰ ਕਿਸਾਨ ਅਤੇ ਮਜ਼ਦੂਰਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਡਾ ਸਿੱਧਾ ਸਵਾਲ ਮੁੱਖ ਮੰਤਰੀ ਚੰਨੀ ਨੂੰ ਇਹ ਹੈ ਕਿ ਸੰਪੂਰਨ ਕਰਜ਼ਾ ਮੁਆਫ਼ ਕਰੋਗੇ ਜਾਂ ਨਹੀਂ ਕਰੋਗੇ। ਜੇਕਰ ਕਰੋਗੇ ਤਾਂ ਉਸ ਦੀ ਇੱਕ ਸਮੇਂ ਸੀਮਾ ਐਲਾਨ ਕਰੋ ਅਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਕਿਸਾਨ ਮਜ਼ਦੂਰਾਂ ਦਾ ਸੰਪੂਰਨ ਕਰਜ਼ਾ ਮੁਆਫ਼ ਕਰੋ। ਜੇਕਰ ਤੁਸੀਂ ਇਹ ਵਾਅਦਾ ਨਹੀਂ ਨਿਭਾ ਸਕਦੇ ਤਾਂ ਬਾਕੀ ਸਾਰੀਆਂ ਚੀਜ਼ਾਂ ਛਲਾਵਾ ਮਾਤਰ ਹਨ ਅਤੇ ਕੋਈ ਮਾਈਨੇ ਨਹੀਂ ਰੱਖਦੀਆਂ, ਕਿਉਂਕਿ ਕਿਸਾਨ ਅਤੇ ਮਜ਼ਦੂਰਾਂ ਦਾ ਮੁੱਖ ਕਾਰਨ ਵਿੱਤੀ ਸੰਕਟ ਅਤੇ ਕਰਜ਼ ਹਨ। ਜਿਸ ਕਾਰਨ ਖੁਦਕੁਸ਼ੀਆਂ ਹੋ ਰਹੀਆਂ ਹਨ ਅਤੇ ਸਮੁੱਚੀ ਕਿਸਾਨੀ ਨਿਰਾਸ਼ਾ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ।ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਪਰਾਲੀ ਬਾਰੇ ਕੇਸ ਵਾਪਸ ਲੈਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੁੱਛਿਆ ਕਿ ਕਿਸਾਨਾਂ ‘ਤੇ ਕੇਸ ਦਰਜ ਕਿਸ ਨੇ ਅਤੇ ਕਿਉਂ ਕੀਤੇ ਸਨ। ਆਮ ਆਦਮੀ ਪਾਰਟੀ ਨੇ ਦਲੀਲ ਦਿੱਤੀ ਕਿ 17 ਹਜ਼ਾਰ ਰੁਪਏ ਦਾ ਮੁਆਵਜ਼ਾ ਫ਼ਸਲ ਦੇ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦਾ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਨੇ ਦੁੱਧ ਉਤਪਾਦਕ ਕਿਸਾਨਾਂ ਦੇ ਦੁੱਧ ਦਾ ਰੇਟ ਵਧਾਉਣ ਤੋਂ ਭੱਜਣ ਲਈ ਪੰਜਾਬ ਸਰਕਾਰ ਦੀ ਨਿੰਦੀ ਕੀਤੀ ਅਤੇ ਕਿਹਾ ਕਿ ਸਰਕਾਰ ਸਿਰਫ਼ ਐਲਾਨਾਂ ‘ਤੇ ਜ਼ੋਰ ਦੇ ਰਹੀ ਹੈ। ਪਰੰਤੂ ਜਦੋਂ ਪੈਸਾ ਖ਼ਰਚ ਕਰਨਾ ਪੈਂਦਾ ਹੈ ਤਾਂ ਸਰਕਾਰ ਭੱਜ ਜਾਂਦੀ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਚੰਨੀ ਸਰਕਾਰ ਦੇ ਫੋਕੇ ਐਲਾਨਾਂ ਤੋਂ ਸੁਚੇਤ ਰਹਿਣ ਕਿਉਂਕਿ ਇਹ ਸਾਰੇ ਚੋਣ ਸਟੰਟ ਹਨ।

Scroll to Top