Site icon TheUnmute.com

CM ਭਗਵੰਤ ਮਾਨ ਵੱਲੋਂ ਮੋਰਿੰਡਾ ਵਿਖੇ ਸੁੱਖੋ ਮਾਜਰਾ ਦੇ ਸਰਕਾਰੀ ਸਕੂਲ ਦਾ ਅਚਨਚੇਤ ਦੌਰਾ, ਛੇਤੀ ਮਿਲਣਗੀਆਂ ਬੱਸਾਂ

Sukho Majra

ਮੋਰਿੰਡਾ, 13 ਦਸੰਬਰ 2023: ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਰੋਪੜ ‘ਚ ਮੋਰਿੰਡਾ ਦੇ ਸੁੱਖੋ ਮਾਜਰਾ (Sukho Majra) ਸਥਿਤ ਸਰਕਾਰੀ ਸਕੂਲ ਦਾ ਅਚਨਚੇਤ ਦੌਰਾ ਕੀਤਾ | ਇਸ ਦੌਰਾਨ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਸਟਾਫ਼ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹਾਜ਼ਰੀ ਦੇਖੀ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਉਹ ਡਰਾਉਣ ਜਾਂ ਛਾਪਾ ਮਾਰਨ ਨਹੀਂ ਆਏ ਹਨ। ਉਹ ਸਕੂਲ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਲੱਭਣ ਆਏ ਹਨ।

ਮੁੱਖ ਮੰਤਰੀ ਨੇ ਸਟਾਫ਼ ਦੀ ਗਿਣਤੀ ਬਾਰੇ ਪੁੱਛਣ ਉਪਰੰਤ ਧੁੰਦ ਅਤੇ ਠੰਢ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ | ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇੱਥੇ ਦੂਰ-ਦੂਰ ਤੋਂ ਬੱਚੇ ਆਉਂਦੇ ਹਨ। ਇਸੇ ਕਰਕੇ ਬਹੁਤ ਸਾਰੇ ਬੱਚੇ ਸਕੂਲ ਛੱਡਣਾ ਚਾਹੁੰਦੇ ਹਨ। ਪਿਛਲੇ ਦਿਨੀਂ ਵੀ ਆਪਣੇ ਪਿਤਾ ਨਾਲ 12ਵੀਂ ਦਾ ਰੋਲ ਨੰਬਰ ਲੈਣ ਆਏ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਸੀ।

ਇਸ ‘ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲਦੀ ਹੀ ਐਮੀਨੈਂਸ ਦੇ ਇਲਾਵਾ ਬਾਕੀ ਸਾਰੇ ਸਕੂਲਾਂ ਨੂੰ ਬੱਸਾਂ ਦੇਣ ਦੀ ਗੱਲ ਕਹੀ ਹੈ । ਭਗਵੰਤ ਮਾਨ ਨੇ ਸਕੂਲ ਪ੍ਰਿੰਸੀਪਲ ਨੂੰ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਹਿਸਾਬ ਨਾਲ ਪ੍ਰਸਤਾਵ ਭੇਜਣ ਲਈ ਕਿਹਾ ਹੈ। ਸੀਐਮ ਨੇ ਸਟੇਜ ਤੋਂ ਦੱਸਿਆ ਕਿ ਇਹ ਬੱਸ ਸਹੂਲਤ ਸਾਰੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 6ਵੀਂ ਜਮਾਤ ਤੱਕ ਬੱਚੇ ਸਥਾਨਕ ਹਨ। ਇਹ ਸਹੂਲਤ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ।

ਉਨ੍ਹਾਂ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਕਿ ਪ੍ਰਸਤਾਵ ਇਸ ਤਰ੍ਹਾਂ ਭੇਜਿਆ ਜਾਵੇ ਕਿ 7ਵੀਂ ਤੋਂ 10ਵੀਂ ਜਮਾਤ ਦੇ ਬੱਚਿਆਂ ਦੀ ਛੁੱਟੀ ਇਕ ਘੰਟਾ ਪਹਿਲਾਂ ਹੋਣੀ ਚਾਹੀਦੀ ਹੈ ਅਤੇ 11ਵੀਂ-12ਵੀਂ ਜਮਾਤ ਦੇ ਬੱਚਿਆਂ ਨੂੰ ਲੈਣ ਲਈ ਉਹੀ ਬੱਸਾਂ ਇਕ ਘੰਟੇ ਦੇ ਅੰਦਰ-ਅੰਦਰ ਪਹੁੰਚ ਸਕਣ |

Exit mobile version