ਚੰਡੀਗੜ੍ਹ 13 ਜੁਲਾਈ 2022: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਸੰਗਰੂਰ ਕੋਠੀ ਅੱਗੇ ਬੀ.ਐੱਡ.(B.Ed.) ਟੈਟ ਪਾਸ ਅਧਿਆਪਕਾਂ ਅਤੇ ਪੁਲਿਸ ਪ੍ਰਸ਼ਾਸ਼ਨ ਵਿਚਾਲੇ ਜ਼ਬਰਦਸਤ ਧੱਕਾ ਮੁੱਕੀ ਖ਼ਬਰ ਸਾਹਮਣੇ ਆ ਰਹੀ ਹੈ | ਮਾਸਟਰ ਕੇਡਰ ਦੀਆਂ 4161 ਅਸਾਮੀਆਂ ਵਿੱਚ ਵਾਧਾ ਕਰਵਾਉਣ ਅਤੇ ਜਲਦੀ ਲਿਖਤੀ ਪ੍ਰੀਖਿਆ ਕਰਵਾਉਣ ਦੀ ਮੰਗ ਨੂੰ ਲੈ ਕੇ ਅਧਿਆਪਕਾਂ ਨੇ ਭਗਵੰਤ ਮਾਨ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ | ਇਸ ਦੌਰਾਨ ਧੱਕਾ ਮੁੱਕੀ ਕਾਰਨ ਕਈ ਅਧਿਆਪਕਾਂ ਦੇ ਸੱਟਾਂ ਵੀ ਲੱਗੀਆਂ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੇ ਦੁਪਹਿਰ ਤੋਂ ਬਾਅਦ ਕਰੀਬ ਡੇਢ ਵਜੇ ਕੋਠੀ ਵੱਲ ਮਾਰਚ ਸ਼ੁਰੂ ਕਰ ਦਿੱਤਾ । ਇਸ ਦੌਰਾਨ ਅਧਿਆਪਕਾਂ ਨੇ ਪਹੁੰਚਦਿਆਂ ਹੀ ਪੁਲਿਸ ਬੈਰੀਕੇਟ ਤੋੜ ਕੇ ਅੱਗੇ ਵਧਣਾ ਸ਼ੁਰੂ ਕੀਤਾ ਤਾਂ ਪੁਲਸ ਨਾਲ ਜ਼ੋਰਦਾਰ ਧੱਕਾ ਮੁੱਕੀ ਹੋਈ। ਇਸਦੇ ਨਾਲ ਹੀ ਇਨ੍ਹਾਂ ਬੇਰੁਜ਼ਗਾਰਾਂ ਅਧਿਆਪਕਾਂ ਨੇ ਦੋ-ਤਿੰਨ ਵਾਰ ਪੁਲਿਸ ਬੈਰੀਕੇਟ ਟੱਪਣ ਦੀ ਵੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ।
ਇਸ ਧਰਨੇ ‘ਚ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਅਧਿਆਪਕ ਸ਼ਾਮਲ ਹੋਏ । ਇਸਤੋਂ ਬਾਅਦ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ 19 ਜੁਲਾਈ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਕਰਵਾਉਣ ਤੋਂ ਬਾਅਦ ਆਖਰ ਸ਼ਾਮ ਤੱਕ ਧਰਨਾ ਸਮਾਪਤ ਕੀਤਾ ਗਿਆ ।