ਚੰਡੀਗੜ੍ਹ, 05 ਦਸੰਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ (Sri Guru Teg Bahadur Ji) ਦੇ ਦਿਹਾੜੇ ‘ਤੇ ਇੱਕ ਸੰਦੇਸ਼ ‘ਚ ਲੋਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦਰਸਾਏ ਧਰਮ ਨਿਰਪੱਖਤਾ, ਮਾਨਵਤਾਵਾਦ ਅਤੇ ਕੁਰਬਾਨੀ ਦੀ ਭਾਵਨਾ ਦੇ ਮਾਰਗ ‘ਤੇ ਚੱਲਣ ਦਾ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ (Sri Guru Teg Bahadur Ji) ਨੇ ਧਰਮ ਦੀ ਆਜ਼ਾਦੀ ਦੇ ਨਾਲ-ਨਾਲ ਧਰਮ ਨਿਰਪੱਖਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਆਪਣਾ ਬਲਿਦਾਨ ਦਿੱਤਾ । ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਮਹਾਨ ਕੁਰਬਾਨੀ ਮਾਨਵਤਾ ਦੇ ਇਤਿਹਾਸ ‘ਚ ਅਦੁੱਤੀ ਅਤੇ ਬੇਮਿਸਾਲ ਹੈ, ਜੋ ਅਨਿਆਂ ਅਤੇ ਜ਼ੁਲਮ ਵਿਰੁੱਧ ਲੜਾਈ ਦਾ ਪ੍ਰਤੀਕ ਹਨ। ਭਗਵੰਤ ਮਾਨ ਨੇ ਕਿਹਾ ਕਿ ਸਿੱਖਾਂ ਦੇ ਨੌਵੇਂ ਗੁਰੂ ਨੇ ਦੇਸ਼ ‘ਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਏਕਤਾ, ਸਰਬ ਸਾਂਝੀਵਾਲਤਾ, ਹਿੰਮਤ, ਹੱਕ-ਸੱਚ ਲਈ ਆਵਾਜ਼ ਬੁਲੰਦ ਕਰਨ ਅਤੇ ਦਇਆ ਦਾ ਸੰਦੇਸ਼ ਦਿੰਦੀ ਹੈ। ਸੀਐੱਮ ਮਾਨ ਨੇ ਕਿਹਾ ਕਿ ਮਹਾਨ ਗੁਰੂ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਸੱਚੀ ਭਾਵਨਾ ਨਾਲ ਚੱਲੀਏ ਅਤੇ ਜਾਤ-ਪਾਤ, ਰੰਗ, ਨਸਲ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਸਮਰਪਣ ਭਾਵਨਾ ਅਤੇ ਮਿਸ਼ਨਰੀ ਭਾਵਨਾ ਨਾਲ ਸਮਾਜ, ਖਾਸ ਕਰਕੇ ਗਰੀਬ ਅਤੇ ਪਛੜੇ ਵਰਗਾਂ ਦੀ ਸੇਵਾ ਕਰੀਏ।