July 7, 2024 6:27 pm
Pratap Singh Bajwa

CM ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਪੱਖਪਾਤੀ ਤੇ ਇਕਪਾਸੜ: ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ 06 ਅਕਤੂਬਰ 2022: ਭਗਵੰਤ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ‘ਤੇ ਗੰਭੀਰ ਸ਼ੰਕੇ ਅਤੇ ਚਿੰਤਾ ਜ਼ਾਹਰ ਕਰਦਿਆਂ, ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਪੂਰੀ ਤਰ੍ਹਾਂ ਪੱਖਪਾਤੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਸਿਰਫ ਵਿਰੋਧੀ ਧਿਰ ਦੇ ਨੇਤਾਵਾਂ ਲਈ ਹੈ।

ਬਾਜਵਾ ਨੇ ਕਿਹਾ ਜਦ ਆਮ ਆਦਮੀ ਪਾਰਟੀ (ਆਪ) ਸੱਤਾ ਵਿੱਚ ਆਈ ਅਤੇ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਤਾਂ ਮੈਨੂੰ ਉਮੀਦ ਸੀ ਕਿ ਉਹ ਵਿਰੋਧੀ ਧਿਰਾਂ ਨਾਲ ਪੱਖਪਾਤੀ ਨਹੀਂ ਹੋਣਗੇ ਅਤੇ ਨਿਰਪੱਖ ਰਹਿਣਗੇ, ਖਾਸ ਕਰਕੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਪਰੰਤੂ ਉਨ੍ਹਾਂ ਦੀ ਸਰਕਾਰ ਵਲੋਂ ਪੱਖਪਾਤ ਕੀਤਾ ਜਾ ਰਿਹਾ ਹੈ। ਕਰੀਬ ਸੱਤ ਮਹੀਨੇ ਪੁਰਾਣੀ ਸਰਕਾਰ ਦੀ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਪੂਰੀ ਤਰ੍ਹਾਂ ਇਕਪਾਸੜ ਰਹੀ ਹੈ ਅਤੇ ਸਿਰਫ ਕਾਂਗਰਸ ਲੀਡਰਸ਼ਿਪ ਨੂੰ ਘੇਰਨ ਅਤੇ ਠੀਕ ਕਰਨ ‘ਤੇ ਤੁਲੀ ਹੋਈ ਹੈ।

ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਬਾਰੇ ਪੂਰੀ ਤਰ੍ਹਾਂ ਚੁੱਪ ਵੱਟੀ ਹੋਈ ਹੈ, ਜਿਸ ਦੀ ਆਪਣੇ ਓ.ਐੱਸ.ਡੀ ਤਰਸੇਮ ਲਾਲ ਕਪੂਰ ਦੀ ਮਦਦ ਨਾਲ ਸਰਕਾਰੀ ਅਧਿਕਾਰੀਆਂ ਤੋਂ ਪੈਸੇ ਵਸੂਲਣ ਦੀ ਆਡੀਓ ਕਲਿੱਪ ਕਰੀਬ ਇਕ ਮਹੀਨਾ ਪਹਿਲਾਂ ਵਾਇਰਲ ਹੋਈ ਸੀ। ਆਪਣੇ ਹੀ ਕੈਬਨਿਟ ਸਾਥੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਹੋਰ ਕੈਬਨਿਟ ਸਾਥੀ ਕਾਰਵਾਈ ਕਰਨ ਦੀ ਬਜਾਏ ਭ੍ਰਿਸ਼ਟ ਮੰਤਰੀ ਨੂੰ ਬਚਾਉਣ ਦੇ ਰਾਹ ਪੈ ਗਏ ਹਨ।

ਜਦਕਿ ਦੂਜੇ ਪਾਸੇ ਭਗਵੰਤ ਮਾਨ ਨੇ ਕਾਂਗਰਸ ਦੇ ਸੀਨੀਅਰ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਰਗੇ ਆਗੂਆਂ ਦੁਆਲੇ ਵਿਜੀਲੈਂਸ ਬਿਊਰੋ ਨੂੰ ਲਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਬਗੈਰ ਸਬੂਤਾਂ ਦੇ ਕਾਂਗਰਸ ਦੇ ਸੀਨੀਅਰ ਮੰਤਰੀਆਂ ਖਿਲਾਫ ਵਿਜੀਲੈੰਸ ਵਲੋਂ ਕੇਸ ਦਰਜ ਕੀਤੇ ਗਏ ਤੇ ਗ੍ਰਿਫਤਾਰੀਆਂ ਕੀਤੀਆੰ।

ਬਾਜਵਾ ਨੇ ਕਿਹਾ ਕਿ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਭਗਵੰਤ ਮਾਨ ਸਰਕਾਰ ਅਤੇ ਇਸ ਦੀ ਵਿਜੀਲੈਂਸ ਬਿਊਰੋ ‘ਆਪ’ ਆਗੂਆਂ ਅਤੇ ਮੰਤਰੀਆਂ ਦੀਆਂ ਗਲਤ ਹਰਕਤਾਂ ਤੋਂ ਪੂਰੀ ਤਰ੍ਹਾਂ ਅਣਜਾਣ ਕਿਉਂ ਹੈ। “ਭਗਵੰਤ ਮਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਦੇ ਸਬੰਧ ਚ ਪੂਰੀ ਤਰ੍ਹਾਂ ਦਿਆਲੂ ਹੈ, ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਵਿਰੁੱਧ ਜੋ ਜਾਂਚ ਏਜੰਸੀਆਂ ਤੋਂ ਸੁਰੱਖਿਆ ਪ੍ਰਾਪਤ ਕਰਨ ਲਈ ਭਗਵਾ ਪਾਰਟੀ ਵਿਚ ਚਲੇ ਗਏ ਸਨ। ਬਾਜਵਾ ਨੇ ਪੁ੍ਛਿਆ ਕਿ ‘ਆਪ’ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਰੁੱਧ ਭਗਵੰਤ ਮਾਨ ਨੇ ਕੀ ਕਾਰਵਾਈ ਕੀਤੀ ਹੈ, ਜੋ ਆਪਣੀ ਦੂਜੀ ਪਤਨੀ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਪੰਜਾਬ ਪੁਲਿਸ ‘ਤੇ ਉਸ ਦੇ ਖਿਲਾਫ ਪਤਨੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਨਾ ਕਰਨ ਲਈ ਦਬਾਅ ਪਾ ਰਿਹਾ ਸੀ।

‘ਆਪ’ ਦੇ ਇੱਕ ਹੋਰ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇੱਕ ਔਰਤ ਨੂੰ ਧਮਕਾਇਆ ਅਤੇ ਉਸ ‘ਤੇ ਰੁਪਏ ਦੇਣ ਲਈ ਦਬਾਅ ਪਾਇਆ। ਇੱਕ ਲੱਖ ਦੀ ਪ੍ਰੋਟੈਕਸ਼ਨ ਮਨੀ ਦਿੱਤੀ ਪਰ ਉਸ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਲੰਧਰ ‘ਚ ‘ਆਪ’ ਦੇ ਵਿਧਾਇਕ ਰਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਦੇ ਭਰਾ ਨੇ ਨਾ ਸਿਰਫ਼ ਡੀਸੀਪੀ ਰੈਂਕ ਦੇ ਪੁਲਿਸ ਅਧਿਕਾਰੀ ਦੀ ਕੁੱਟਮਾਰ ਕੀਤੀ ਸਗੋਂ ਸਿਵਲ ਹਸਪਤਾਲ ਦੇ ਸਟਾਫ਼ ਨਾਲ ਵੀ ਦੁਰਵਿਵਹਾਰ ਕੀਤਾ ਪਰ ਅਸੀਂ ਉਨ੍ਹਾਂ ਖ਼ਿਲਾਫ਼ ਵੀ ਕੋਈ ਕਾਰਵਾਈ ਨਹੀਂ ਦੇਖਦੇ। ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ‘ਤੇ ਈਡੀ ਅਤੇ ਸੀਬੀਆਈ ਦੇ ਛਾਪੇ ਕਿਸੇ ਤੋਂ ਲੁਕੇ ਨਹੀਂ ਹਨ।

ਬਾਜਵਾ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਹਰ ਰੋਜ਼ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰਦੇ ਰਹਿੰਦੇ ਹਨ ਪਰ ਭਗਵੰਤ ਮਾਨ ਹਮੇਸ਼ਾ ਹੀ ਉਨ੍ਹਾਂ ਨੂੰ ਕਲੀਨ ਚਿੱਟ ਦੇਣ ਲਈ ਉਤਾਵਲੇ ਰਹਿੰਦੇ ਹਨ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਕਿਹੋ ਜਿਹੀ ਸਰਕਾਰ ਚਲਾ ਰਹੇ ਹਨ ਜੋ ਪੱਖਪਾਤ ਅਤੇ ਵਿਤਕਰੇ ਨਾਲ ਭਰੀ ਹੋਈ ਹੈ।