July 7, 2024 10:41 am
Raja Warring

CM ਭਗਵੰਤ ਮਾਨ ਦੱਸਣ ਕਿ ਅਸਲ ‘ਚ ਪੰਜਾਬ ਨੂੰ ਕੌਣ ਚਲਾ ਰਿਹਾ ਹੈ : ਰਾਜਾ ਵੜਿੰਗ

ਚੰਡੀਗੜ੍ਹ 13 ਜੂਨ 2022: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਚੀਜ਼ਾਂ ਨੂੰ ਕੌਣ ਕੰਟਰੋਲ ਕਰ ਰਿਹਾ ਹੈ ਅਤੇ ਅਸਲ ਵਿਚ ਸੂਬਾ ਕੌਣ ਚਲਾ ਰਿਹਾ ਹੈ। ਰਾਜਾ ਵੜਿੰਗ ਨੇ ਸੰਗਰੂਰ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ‘ਚ ਚੋਣ ਪ੍ਰਚਾਰ ਕਰਦਿਆਂ ਵੜਿੰਗ ਨੇ ਸੀ ਐੱਮ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਜ਼ਮੀਰ ਨਾਲ ਜੁੜੇ ਰਹਿਣ ਅਤੇ ਪੰਜਾਬੀਆਂ ਨੂੰ ਦੱਸਣ ਕਿ ਕੀ ਤੁਸੀਂ ਸੱਚਮੁੱਚ ਚੀਜ਼ਾਂ ਨੂੰ ਕੰਟਰੋਲ ਕਰ ਰਹੇ ਹੋ ਜਾਂ ਕੀ ਤੁਸੀਂ ਕਿਸੇ ਹੋਰ ਵੱਲੋਂ ਕੰਟਰੋਲ ਹੋ ਰਹੇ ਹੋ।

ਇਸਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਇੱਕ ਕਮਜ਼ੋਰ ਅਤੇ ਲਾਚਾਰ ਮੁੱਖ ਮੰਤਰੀ ਪੰਜਾਬ ਅਤੇ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਫੇਲ੍ਹ ਕਰ ਚੁੱਕਾ ਹੈ। ਸੂਬੇ ‘ਚ ਅਮਨ-ਕਾਨੂੰਨ ਮੰਦੀ ਹਾਲਤ ਵਿੱਚ ਪਹੁੰਚ ਗਏ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਭਗਵੰਤ ਮਾਨ ਖੁਦ ਵੀ ਇਸ ਗੱਲ ਨੂੰ ਮਹਿਸੂਸ ਕਰ ਰਹੇ ਹਨ, ਪਰ ਉਹ ਬੇਵੱਸ ਹਨ ਕਿਉਂਕਿ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ ਅਤੇ ਉਨ੍ਹਾਂ ਨੂੰ ਆਪਣੇ ਪੱਧਰ ‘ਤੇ ਕੁਝ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਵੀ ਆਜ਼ਾਦੀ ਨਹੀਂ ਹੈ।

ਉਨ੍ਹਾਂ ਕਿਹਾ ਪੁਲਿਸ ਸਾਰੇ ਮੁੱਖ ਅਪਰਾਧਾਂ ਦੇ ਦੋਸ਼ੀਆਂ ਨੂੰ ਫੜਨ ਵਿੱਚ ਨਾਕਾਮ ਰਹੀ ਹੈ, ਜਿਸ ਨਾਲ ਅਪਰਾਧੀਆਂ ਦੇ ਹੌਸਲੇ ਬੁਲੰਦ ਹੋਏ ਹਨ ਅਤੇ ਉਹ ਨਿਡਰ ਹੋ ਕੇ ਅਪਰਾਧ ਕਰ ਰਹੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਬੀਤੇ ਦਿਨ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਬਜ਼ੁਰਗ ਔਰਤ ਦਾ ਕਤਲ ਤੇ ਲੁੱਟ-ਖੋਹ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਤਲ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨਿੱਤ ਦਾ ਕੰਮ ਬਣ ਗਈਆਂ ਹਨ, ਕਿਉਂਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ।

ਉਨ੍ਹਾਂ ਕਿਹਾ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਪ੍ਰਮਾਤਮਾ ਵੱਲੋਂ ਹਲਕੇ ਦੇ ਲੋਕਾਂ ਨੂੰ ਦਿੱਤਾ ਗਿਆ ਸੁਨਹਿਰੀ ਅਫ਼ਸਰ ਹੈ, ਤਾਂ ਜੋ ਉਹ ਸੱਤਾ ਵਿੱਚ ਬੈਠੇ ਲੋਕਾਂ ਨੂੰ ਸਪੱਸ਼ਟ ਸੁਨੇਹਾ ਦੇ ਸਕਣ ਕਿ ਕੋਈ ਵੀ ਪੰਜਾਬੀ ਦਿੱਲੀ ਤੋਂ ਰਾਜ ਕਰਨ ਵਾਲਿਆਂ ਦੀ ਹਕੂਮਤ ਨੂੰ ਬਰਦਾਸ਼ਤ ਨਹੀਂ ਕਰੇਗਾ।ਵੜਿੰਗ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਪੰਜਾਬ ਲਈ ਕੀ ਕੀਤਾ ਹੈ।

ਇਸ ਸਰਕਾਰ ਨੇ ਬਦਲਾਖੋਰੀ ਦੀ ਰਾਜਨੀਤੀ ਕਰਨ ਅਤੇ ਵਿਖਾਵੇ ਕਰਨ ਦੀ ਬਜਾਏ ਕੁਝ ਨਹੀਂ ਕੀਤਾ, ਜਿਸਨੇ ਪ੍ਰਦਰਸ਼ਨ ਦੇ ਨਾਂ ‘ਤੇ ਇਕ ਵੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਉਨ੍ਹਾਂ ਦੀ ਕਰਾਰੀ ਹਾਰ ਇਸ ਸਰਕਾਰ ਨੂੰ ਜਗਾ ਸਕਦੀ ਹੈ, ਜੋ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਲਾਪਰਵਾਹ ਹੋ ਗਈ ਹੈ।