Site icon TheUnmute.com

CM ਭਗਵੰਤ ਮਾਨ ਦੱਸਣ ਕਿ ਨਸ਼ੇ ਨੂੰ ਨਕੇਲ ਪਾਉਣ ਵਾਸਤੇ ਅਤੇ ਕਾਨੂੰਨ ਦਾ ਰਾਜ ਬਹਾਲ ਕਰਨ ਵਾਸਤੇ ਕੀ ਕਦਮ ਚੁੱਕੇ: ਡਾ. ਦਲਜੀਤ ਚੀਮਾ

Udta Punjab

ਚੰਡੀਗੜ੍ਹ, 3 ਫਰਵਰੀ 2023: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਆਪ ਸਰਕਾਰ ਨੂੰ ਨਸ਼ਿਆਂ ਤੇ ਕਾਨੂੰਨ ਵਿਵਸਥਾ ’ਤੇ ਦੋਸ਼ੀ ਠਹਿਰਾਉਣ ਦੇ ਮਾਮਲੇ ਦਾ ਜਵਾਬ ਦੇਣ ਜਾਂ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਅਤੇ ਪੰਜਾਬੀਆਂ ਨੂੰ ਆਪਣੇ ਭਵਿੱਖ ਦਾ ਫੈਸਲਾ ਆਪ ਕਰ ਲੈਣ ਦੇਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ (Dr. Daljit Cheema) ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਬਜਾਏ ਰਾਜਪਾਲ ਵੱਲੋਂ ਸੂਬੇ ਦੇ ਮੁੱਖ ਸਕੱਤਰ ਅਤੇ ਡੀ ਜੀ ਪੀ ਨੂੰ ਨਾਲ ਲੈ ਕੇ ਫੀਲਡ ਦੇ ਕੀਤੇ ਦੌਰਿਆਂ ਦੌਰਾਨ ਕੀਤੇ ਖੁਲ੍ਹਾਸਿਆਂ ਕਿ ਨਸ਼ੇ ਕਰਿਆਨੇ ਦੀਆਂ ਦੁਕਾਨਾਂ ’ਤੇ ਮਿਲ ਰਹੇਹਨ, ਦਾ ਜਵਾਬ ਦੇਣ ਦੀ ਥਾਂ ਮੁੱਖ ਮੰਤਰੀ ਇਧਰ ਉਧਰ ਦੀਆਂ ਮਾਰ ਕੇ ਅਸਲ ਮੁੱਦਿਆਂ ਤੋਂ ਧਿਆਨ ਪਾਸੇ ਕਰਨਾ ਚਾਹੁੰਦੇ ਹਨ।

ਉਹਨਾਂ ਕਿਹਾ ਕਿ ਰਾਜਪਾਲ ’ਤੇ ਸੂਬੇ ਦੇ ਕੰਮਕਾਜ ਵਿਚ ਦਖਲ ਦੇਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਅਕਾਲੀ ਦਲ ਨੇ ਹਮੇਸ਼ਾ ਇਸ ਮਾਮਲੇ ’ਤੇ ਸਿਧਾਂਤਕ ਸਟੈਂਡ ਲਿਆ ਹੈ ਅਤੇ ਵਾਰ ਵਾਰ ਮੁੱਖ ਮੰਤਰੀ ਨੂੰ ਚੌਕਸ ਕੀਤਾ ਹੈ ਕਿ ਉਹ ਸੂਬੇ ਦੇ ਮਾਮਲੇ ਕੇਂਦਰ ਸਰਕਾਰ ਕੋਲ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣ ਪਰ ਭਗਵੰਤ ਮਾਨ ਵਾਰ ਵਾਰ ਇਸ ਵਿਚ ਫੇਲ੍ਹ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਆਪ ਸਰਕਾਰ ਨੇ ਕੇਂਦਰੀ ਦਖਲਅੰਦਾਜ਼ੀ ਆਪ ਸਹੇੜੀ ਹੈ।

ਡਾ. ਦਲਜੀਤ ਸਿੰਘ ਚੀਮਾ (Dr. Daljit Cheema) ਨੇ ਅਨੇਕਾਂ ਮੌਕਿਆਂ ਦਾ ਜ਼ਿਕਰ ਕੀਤਾ ਜਦੋਂ ਆਪ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬੀ ਬੀ ਐਮ ਬੀ ਦਾ ਰੁਤਬਾ ਬਦਲਣ ਨੂੰ ਚੁਣੌਤੀ ਦੇਣ ਵਿਚ ਨਾਕਾਮ ਰਹੇ ਅਤੇ ਇਸੇ ਤਰੀਕੇ ਬੀ ਐਸ ਐਫ ਦਾ ਅਧਿਕਾਰ ਖੇਤਰ ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ਤੱਕ ਵਧਾਉਣ ਦਾ ਫੈਸਲੇ ਦਾ ਵਿਰੋਧ ਕਰਨ ਵਿਚ ਵੀ ਫੇਲ੍ਹ ਹੋਏ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਹਰਿਆਣਾ ਸਰਕਾਰ ਵੱਲੋਂ ਚੰਡੀਗੜ੍ਹ ਵਿਚ ਵੱਖਰੀ ਵਿਧਾਨਸਭਾ ਲਈ ਜ਼ਮੀਨ ਮੰਗਣ ਦੀ ਤਜਵੀਜ਼ ਦਾ ਵੀ ਵਿਰੋਧ ਨਹੀਂ ਕੀਤਾ ਅਤੇ ਉਹਨਾਂ ਸੂਬੇ ਵਿਚ ਵੱਖਰੀ ਗੁਰਦੁਆਰਾ ਕਮੇਟੀ ਸਥਾਪਿਤ ਕਰਨ ਦੇ ਹਰਿਆਣਾ ਦੇ ਫੈਸਲੇ ਦੀ ਹਮਾਇਤ ਕੀਤੀ।

ਡਾ. ਚੀਮਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਭਗਵੰਤ ਮਾਨ ਨੇ ਪੰਜਾਬ ਦੀ ਪ੍ਰਸ਼ਾਸਨਿਕ ਵਾਗਡੋਰ ਮੈਮੋਰੰਡਮ ਆਫ ਅੰਡਰਸਟੈਂਡਿੰਗ ’ਤੇ ਹਸਤਾਖ਼ਰ ਕਰ ਕੇ ਦਿੱਲੀ ਹਵਾਲੇ ਕਰ ਦਿੱਤੀ। ਉਹਨਾਂ ਕਿਹਾ ਕਿਹੁਣ ਉਸਨੇ ਆਪ ਹਾਈ ਕਮਾਂਡ ਵੱਲੋਂ ਨਿਯੁਕਤ ਕੀਤੇ ਕੰਸਲਟੈਂਟ ਕੈਬਨਿਟ ਮੀਟਿੰਗ ਵਿਚ ਬੈਠਣ ਅਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵਰਗੇ ਅਹਿਮ ਅਦਾਰਿਆਂ ਦੇ ਰੋਜ਼ਾਨਾ ਕੰਮਕਾਜ ’ਤੇ ਕੰਟਰੋਲ ਕਰਨ ਦੀ ਆਗਿਆ ਦੇ ਦਿੱਤੀ।

ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਮੁੱਖ ਮੰਤਰੀ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਸ਼ਿਆਂ ਤੇ ਕਾਨੂੰਨ ਵਿਵਸਥਾ ਦੇ ਮਾਮਲੇ ਵਿਚ ਉਹਨਾਂ ਦੀਸਰਕਾਰ ਖਿਲਾਫ ਲੱਗੇ ਦੋਸ਼ਾਂ ਦਾ ਜਵਾਬ ਦੇਣ। ਉਹਨਾਂ ਕਿਹਾ ਕਿ ਸ੍ਰੀ ਮਾਨ ਨੂੰ ਨਸ਼ਿਆਂ ਦੇ ਖਾਤਮੇ ਵਾਸਤੇ ਚੁੱਕੇ ਕਦਮਾਂ ਅਤੇ ਗੈਂਗਸਟਰ ਤੇ ਫਿਰੌਤੀ ਸਭਿਆਚਾਰ ਨਾਲ ਨਜਿੱਠਣ ਲਈ ਚੁੱਕੇ ਕਦਮਾਂ ਦਾ ਵੇਰਵਾ ਸਾਂਝਾ ਕਰਨਾ ਚਾਹੀਦਾ ਹੈ।

Exit mobile version