ਚੰਡੀਗੜ੍ਹ 29 ਦਸੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਦੇ ਸਵਰਗੀ ਪਿਤਾ ਅਤੇ ਸਾਬਕਾ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਕਰਵਾਈਆਂ ਜਾ ਰਹੀਆਂ ‘ਖੇਡਾਂ ਹਲਕਾ ਸੁਨਾਮ ਦੀਆਂ’(Khedan Halka Sunam Diaan) ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ।
ਇੱਥੇ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਪੋਸਟਰ ਰਿਲੀਜ਼ ਹੋਣ ਉਪਰੰਤ ਅਮਨ ਅਰੋੜਾ ਨੇ ਦੱਸਿਆ ਕਿ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸਪਾਂਸਰ ‘ਖੇਡਾਂ ਹਲਕਾ ਸੁਨਾਮ ਦੀਆਂ’ ਟੂਰਨਾਮੈਂਟ ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ, ਲੌਂਗੋਵਾਲ ਵਿਖੇ 4 ਫਰਵਰੀ ਤੋਂ 5 ਫਰਵਰੀ, 2023 ਤੱਕ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਪਿਛਲੇ ਇਕ ਦਹਾਕੇ ਤੋਂ ਹਲਕੇ ਵਿੱਚ ਮੈਡੀਕਲ ਕੈਂਪ ਲਗਾਉਣ ਦੇ ਨਾਲ ਨਾਲ ਲੋਕਾਂ ਦੀ ਭਲਾਈ ਲਈ ਸਮਾਜ ਸੇਵਾ ਦੇ ਹੋਰ ਕਾਰਜ ਵੀ ਕਰ ਰਹੀ ਹੈ।
‘ਖੇਡਾਂ ਹਲਕਾ ਸੁਨਾਮ ਦੀਆਂ’ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ, ਜੋ ਕਿ ਖੇਡ ਪ੍ਰੇਮੀ ਹੋਣ ਦੇ ਨਾਲ ਨਾਲ ਵਾਲੀਬਾਲ ਸ਼ੂਟਿੰਗ ਦੇ ਖ਼ੁਦ ਵੀ ਚੰਗੇ ਖਿਡਾਰੀ ਹਨ, ਦੀ ਖੇਡਾਂ ਨੂੰ ਜ਼ਮੀਨੀ ਪੱਧਰ ਉਤੇ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਤਹਿਤ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਇਸ ਟੂਰਨਾਮੈਂਟ ਵਿੱਚ ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ।
ਦੱਸਣਯੋਗ ਹੈ ਕਿ ਮਾਨ ਸਰਕਾਰ ਵੱਲੋਂ ਹਾਲ ਹੀ ਵਿੱਚ “ਖੇਡਾਂ ਵਤਨ ਪੰਜਾਬ ਦੀਆਂ” ਕਰਵਾਈਆਂ ਗਈਆਂ ਸਨ, ਜੋ ਤਿੰਨ ਮਹੀਨੇ ਚੱਲੀਆਂ ਸਨ, ਤਾਂ ਜੋ ਨੌਜਵਾਨਾਂ ਵਿੱਚ ਛੁਪੇ ਖੇਡ ਹੁਨਰ ਨੂੰ ਪਛਾਣ ਅਤੇ ਤਰਾਸ਼ ਕੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾ ਸਕਣ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪਹਿਲੇ ਤਿੰਨ ਸਥਾਨਾਂ ਉਤੇ ਆਉਣ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਅਮਨ ਅਰੋੜਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪਦਮ ਹੈਵੀਵੇਟ ਇੰਟਰਨੈਸ਼ਨਲ ਮੁੱਕੇਬਾਜ਼ ਕੌਰ ਸਿੰਘ (ਏਸ਼ੀਅਨ ਖੇਡਾਂ ਦੇ ਸੋਨ ਤਗ਼ਮਾ ਜੇਤੂ) ਅਤੇ ਪਦਮ ਸ੍ਰੀ ਅਥਲੀਟ ਸੁਨੀਤਾ ਰਾਣੀ (ਏਸ਼ੀਅਨ ਖੇਡਾਂ ਵਿੱਚੋ ਸੋਨ ਤਗ਼ਮਾ ਜੇਤੂ) ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਟੀਮਾਂ ਦੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਜਨਵਰੀ, 2023 ਹੈ।