Site icon TheUnmute.com

CM ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਵਿਖੇ ਪਰਿਵਾਰਕ ਮੈਂਬਰਾਂ ਤੇ ਸਾਕ-ਸਨੇਹੀਆਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ

Lohri festival

ਸਤੌਜ (ਸੰਗਰੂਰ) 08 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਵਿਚ ਆਪਣੇ ਜੱਦੀ ਪਿੰਡ ਸਤੌਜ ਵਿਖੇ ਪਹੁੰਚ ਆਪਣੇ ਸਾਕ-ਸਨੇਹੀਆਂ, ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ।
ਮੁੱਖ ਮੰਤਰੀ ਅੱਜ ਸਵੇਰੇ ਆਪਣੇ ਪਿੰਡ ਪਹੁੰਚੇ ਅਤੇ ਪਿੰਡ ਵਿੱਚ ਲੋਹੜੀ ਬਾਲ ਕੇ ਪਿੰਡ ਵਾਸੀਆਂ ਨਾਲ ਰਲ-ਮਿਲ ਕੇ ਤਿਉਹਾਰ ਮਨਾਇਆ।

ਇਸ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਹੜੀ ਸੂਬੇ ਦਾ ਰਵਾਇਤੀ ਤਿਉਹਾਰ ਹੈ, ਜਿਸ ਕਰਕੇ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਜਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਆਪਣੇ ਸਾਕ-ਸਨੇਹੀਆਂ ਨਾਲ ਸਾਂਝੀਆਂ ਕਰਨ ਦਾ ਫੈਸਲਾ ਕੀਤਾ। ਭਗਵੰਤ ਮਾਨ ਨੇ ਚੇਤੇ ਕਰਦਿਆਂ ਕਿਹਾ ਕਿ ਇਸ ਪਵਿੱਤਰ ਤਿਉਹਾਰ ਸਬੰਧੀ ਪਿੰਡ ਨਾਲ ਉਨ੍ਹਾਂ ਦੀਆਂ ਬਚਪਨ ਤੋਂ ਹੀ ਖੂਬਸੂਰਤ ਯਾਦਾਂ ਜੁੜੀਆਂ ਹੋਈਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸੂਬਾ ਭਰ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਸਤੌਜ ਵਾਸੀਆਂ ਨਾਲ ਭਾਵੁਕ ਹੁੰਦਿਆਂ ਕਿਹਾ ਕਿ ਸਾਰੇ ਪਿੰਡ ਵਾਸੀ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਸਨ, ਜਿਸ ਕਾਰਨ ਉਹ ਉਨ੍ਹਾਂ ਨਾਲ ਹਰ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨਾ ਪਸੰਦ ਕਰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਮੌਕਿਆਂ ‘ਤੇ ਪਿੰਡ ਵਾਸੀਆਂ ਨਾਲ ਜੁੜ ਕੇ ਉਨ੍ਹਾਂ ਨੂੰ ਬਹੁਤ ਮਾਣ ਅਤੇ ਤਸੱਲੀ ਮਿਲਦੀ ਹੈ, ਜਿਸ ਕਾਰਨ ਉਹ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਨਵਾਂ ਸਾਲ ਅਤੇ ਲੋਹੜੀ ਦਾ ਤਿਉਹਾਰ ਸੂਬੇ ਦੇ ਹਰੇਕ ਵਾਸੀ ਖਾਸ ਕਰਕੇ ਪਿੰਡਾਂ ਦੇ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ-ਖੇੜੇ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਤਿਉਹਾਰ ਸਾਡੇ ਸਾਰਿਆਂ ਲਈ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਮਾਜ ਵਿੱਚ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦਾ ਹੈ।

ਸੂਬੇ ਵਿੱਚ ਅਮਨ-ਸ਼ਾਂਤੀ, ਸਦਭਾਵਨਾ, ਤਰੱਕੀ ਅਤੇ ਇੱਥੋਂ ਦੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਹਰ ਖੇਤਰ ਵਿੱਚ ਸਰਬਪੱਖੀ ਵਿਕਾਸ ਤੇ ਤਰੱਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਦੀ ਦਹਿਲੀਜ਼ ‘ਤੇ ਹੈ, ਜਿਸ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਪੁਖਤਾ ਯੋਜਨਾਬੰਦੀ ਕਰ ਲਈ ਹੈ।

Exit mobile version