ਚੰਡੀਗੜ੍ਹ, 4 ਅਪ੍ਰੈਲ 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀ ਘਰਵਾਲੀ ਸੁਨੀਤਾ ਨੇ ਜੇਲ੍ਹ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭੇਜਿਆ ਸੰਦੇਸ਼ ਪੜ੍ਹ ਕੇ ਸੁਣਾਇਆ। ਜੇਲ੍ਹ ਤੋਂ ਭੇਜੀ ਚਿੱਠੀ ਪੜ੍ਹਦੇ ਹੋਏ ਸੁਨੀਤਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਨੂੰ ਜੇਲ੍ਹ ਤੋਂ ਸੰਦੇਸ਼ ਭੇਜਿਆ ਹੈ।
ਸੀਐਮ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਉਹ ਜੇਲ੍ਹ ਵਿੱਚ ਹਨ, ਕਿਸੇ ਵੀ ਦਿੱਲੀ ਵਾਸੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣੀ ਚਾਹੀਦੀ। ਸਾਰੇ ਵਿਧਾਇਕ ਹਰ ਰੋਜ਼ ਆਪਣੀ ਵਿਧਾਨ ਸਭਾ ਵਿੱਚ ਜਾਣ ਅਤੇ ਇਲਾਕਿਆਂ ਦਾ ਦੌਰਾ ਕਰਨ | ਇਸਦੇ ਨਾਲ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਸਰਕਾਰੀ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਗੱਲ ਨਹੀਂ ਕਰ ਰਿਹਾ, ਅਸੀਂ ਲੋਕਾਂ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਹੱਲ ਕਰਨਾ ਹੈ। ਦਿੱਲੀ ਦੇ ਦੋ ਕਰੋੜ ਲੋਕ ਮੇਰਾ ਪਰਿਵਾਰ ਹਨ। ਉਸਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।
ਦੂਜੇ ਪਾਸੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ‘ਆਪ’ ਸੰਸਦ ਸੰਜੇ ਸਿੰਘ ਅਰਵਿੰਦ ਕੇਜਰੀਵਾਲ ਦੀ ਘਰਵਾਲੀ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਨਿਵਾਸ ‘ਤੇ ਮਿਲਣ ਗਏ। ‘ਆਪ’ ਸੰਸਦ ਮੈਂਬਰ ਦੀ ਰਿਹਾਈ ‘ਤੇ ਖੁਸ਼ੀ ਜ਼ਾਹਰ ਕਰਦਿਆਂ ਸੁਨੀਤਾ ਨੇ ਕਿਹਾ ਹੈ ਕਿ ਛੇਤੀ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਵੀ ਇਨਸਾਫ਼ ਮਿਲੇਗਾ।