July 2, 2024 8:32 pm
Brahm Shankar Jimpa

ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਨੂੰ ਪੀਣ ਲਈ ਦਿੱਤਾ ਜਾਵੇਗਾ ਨਹਿਰਾਂ ਦਾ ਸ਼ੁੱਧ ਪਾਣੀ: ਬ੍ਰਹਮ ਸ਼ੰਕਰ ਜਿੰਪਾ

ਅੰਮ੍ਰਿਤਸਰ 29 ਅਗਸਤ 2022: ਮਾਲ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ (Brahm Shankar Jimpa) ਨੇ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਮੱਜੂਪੁਰਾ ਵਿਖੇ ਬਣ ਰਹੇ ਨਹਿਰੀ ਪਾਣੀ ਪ੍ਰੋਜੈਕਟ ਦਾ ਨਿਰੀਖਣ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਹਿਰੀ ਪਾਣੀ ਨੂੰ ਪੀਣਯੋਗ ਬਣਾਉਣ ਲਈ 15 ਪ੍ਰਾਜੈਕਟਾਂ ਦਾ ਕੰਮ ਚੱਲ ਰਿਹਾ ਹੈ, ਜਿਸਨੂੰ ਛੇਤੀ ਪੂਰਾ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਟਿਆਲਾ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲਿ੍ਹਆਂ ਦੇ ਲਗਭਗ 1700 ਪਿੰਡਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਪੀਣਯੋਗ ਨਹਿਰੀ ਪਾਣੀ ਮਿਲੇਗਾ। ਉਨਾਂ ਦੱਸਿਆ ਕਿ ਪੂਰੇ ਪੰਜਾਬ ਵਿੱਚ ਪਾਣੀ ਦੀ ਗੁਣਵੱਤਾ ਸੁਧਾਰਨ ਲਈ 1100 ਕਰੋੜ ਰੁਪਏ ਦੇ ਕੰਮ ਚੱਲ ਰਹੇ ਹਨ।

Brahm Shankar Jimpa

ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿਚ 378 ਕਰੋੜ ਰੁਪਏ ਦੇ ਚਾਰ ਨਹਿਰੀ ਪਾਣੀ ਅਧਾਰਤ ਜਲ ਯੋਜਨਾਵਾਂ ਉਤੇ ਕੰਮ ਚੱਲ ਰਿਹਾ ਹੈ ਜਿਸ ਨਾਲ ਜਿਲ੍ਹੇ ਦੇ 369 ਪਿੰਡਾਂ ਨੂੰ ਸ਼ੁੱਧ ਪਾਣੀ ਮਿਲੇਗਾ। ਉਨਾਂ ਕਿਹਾ ਕਿ ਉਕਤ ਕੰਪਨੀਆਂ ਜੋ ਕਿ ਇਹ ਕੰਮ ਕਰ ਰਹੀਆਂ ਹਨ ਨੂੰ ਪਾਣੀ ਦੀ ਸਪਲਾਈ ਲਈ 10 ਸਾਲ ਦਾ ਕੰਮ ਵੀ ਦਿੱਤਾ ਗਿਆ ਹੈ। ਜਿਸ ਨਾਲ ਪਾਣੀ ਦੀ ਸਪਲਾਈ ਵਿੱਚ ਵਿਘਨ ਨਹੀਂ ਪਵੇਗਾ।

ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਪੀਣਯੋਗ ਪਾਣੀ ਸਾਫ ਅਤੇ ਚੰਗੀ ਕੁਆਲਿਟੀ ਦਾ ਹੋਵੇ ਅਤੇ ਪਾਣੀ ਦੀਆਂ ਟੈਂਕੀਆਂ ਦੀ ਸਮੇਂ ਸਿਰ ਸਫਾਈ ਕੀਤੀ ਜਾਵੇ। ਪਾਣੀ ਦੀ ਸੈਂਪਲਿੰਗ ਅਤੇ ਟੈਸਟਿੰਗ ਦੀ ਵਿਵਸਥਾ ਸਮੇਂ ਸਮੇਂ ‘ਤੇ ਕੀਤੀ ਜਾਂਦੀ ਰਹੇ। ਉਨ੍ਹਾਂ ਕਿਹਾ ਕਿ ਸੂਬੇ ਦੇ ਜਿਨ੍ਹਾਂ ਇਲਾਕਿਆਂ ਵਿਚ ਪਾਣੀ ਪੀਣਯੋਗ ਨਹੀਂ ਹੈ, ਉੱਥੇ ਤੁਰੰਤ ਆਰ.ਓ ਲਗਾਏ ਜਾਣ। ਉਨ੍ਹਾਂ ਦੱਸਿਆ ਕਿ ਕਈ ਆਰਸੈਨਿਕ ਪ੍ਰਭਾਵਿਤ ਇਲਾਕਿਆਂ ਵਿਚ ਆਈ.ਆਈ.ਟੀ. ਮਦਰਾਸ ਦੀ ਮਦਦ ਨਾਲ ਆਰਸੈਨਿਕ-ਕਮ-ਆਇਰਨ ਰਿਮੂਵਲ ਪਲਾਂਟ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਸ਼ੁੱਧ ਪਾਣੀ ਪੀ ਸਕਣ।

ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਰੀਜ਼ਨਲ ਵਾਟਰ ਟੈਸਟਿੰਗ ਲੈਬਾਰਟਰੀ ਦੇ ਕੰਮ ਦਾ ਨਿਰੀਖਣ ਕਰਦੇ ਬ੍ਰਹਮ ਸ਼ੰਕਰ ਜਿੰਪਾ (Brahm Shankar Jimpa) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬੇ ਦੇ ਹਰ ਘਰ ਨੂੰ ਟੂਟੀ ਵਾਲਾ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅਧਿਕਾਰੀਆਂ ਨੂੰ ਸਖਤ ਮਿਹਨਤ ਕਰਨ ਦੇ ਨਾਲ-ਨਾਲ ਸਰਕਾਰੀ ਸਕੀਮਾਂ ਨੂੰ ਸਮੇਂ ਸਿਰ ਪੂਰਾ ਕਰਕੇ ਲਾਗੂ ਕਰਨ ਦੀ ਲੋੜ ਹੈ।

Brahm Shankar Jimpa

ਉਨਾਂ ਦੱਸਿਆ ਕਿ ਪੰਜਾਬ ਵਿੱਚ ਇਕ ਰਾਜਪੱਧਰੀ, ਛੇ ਰੀਜਨਲ, 17 ਜਿਲ੍ਹਾ ਪੱਧਰੀ ਅਤੇ 7 ਬਲਾਕ ਪੱਧਰ ਉਤੇ ਲੈਬਾਟਰੀਆਂ ਕੰਮ ਕਰ ਰਹੀਆਂ ਹਨ, ਜੋ ਕਿ ਪਾਣੀ ਦੀ ਸ਼ੁੱਧਤਾ ਦੀ ਪਰਖ ਕਰਦੀਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤਾ ਕਿ ਉਹ ਇਨਾਂ ਲੈਬਾਟਰੀਆਂ ਦਾ ਲਾਹਾ ਲੈਣ ਅਤੇ ਆਪਣੇ-ਆਪਣੇ ਘਰਾਂ ਵਿੱਚ ਆਉਂਦੇ ਪਾਣੀ ਨੂੰ ਵੀ ਚੈਕ ਕਰਵਾਉਣ।

ਇਸ ਮੌਕੇ ਹਲਕਾ ਅਟਾਰੀ ਦੇ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ ਨੇ ਜਿੰਪਾ ਨੂੰ ਜੀ ਆਇਆਂ ਕਹਿੰਦੇ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾਂ ਕੀਤੀ। ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ ਤਿਵਾੜੀ ਨੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਵਿਗੜ ਰਹੀ ਗੁੱਣਵਤਾ ਵੱਲ ਧਿਆਨ ਦਿਵਾਉਂਦੇ ਲੋਕਾਂ ਨੂੰ ਇਸ ਅਹਿਮ ਵਿਸ਼ੇ ’ਤੇ ਧਿਆਨ ਦੇਣ ਦੀ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਧਾਇਕ ਡਾ. ਜੀਵਨਜੋਤ ਕੌਰ, ਵਿਭਾਗ ਦੇ ਇੰਜੀ: ਕੇ.ਐਸ. ਸੈਣੀ, ਸਤਨਾਮ ਸੋਖੀ, ਆਮ ਆਦਮੀ ਪਾਰਟੀ ਦੇ ਆਗੂ ਸ੍ਰੀਮਤੀ ਸੀਮਾ ਸੋਢੀ, ਡਾ. ਇੰਦਰਪਾਲ, ਸ: ਹਰਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।