July 7, 2024 1:48 pm

ਪੁਲਵਾਮਾ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਤਿੰਨ ਅੱਤਵਾਦੀ ਢੇਰ

ਚੰਡੀਗੜ੍ਹ, 24 ਅਪ੍ਰੈਲ 2022 : ਪੁਲਵਾਮਾ ਦੇ ਪਹੂ ਇਲਾਕੇ ‘ਚ ਐਤਵਾਰ ਦੁਪਹਿਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਇਸ ‘ਚ ਤਿੰਨ ਅੱਤਵਾਦੀ ਮਾਰੇ ਗਏ ਹਨ। ਬਾਕੀਆਂ ਦੀ ਭਾਲ ਜਾਰੀ ਹੈ। ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਘੇਰ ਲਿਆ ਹੈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ। ਸੁਰੱਖਿਆ ਬਲ ਚੌਕਸੀ ਨਾਲ ਅੱਤਵਾਦੀਆਂ ਨੂੰ ਮੂੰਹਤੋੜ ਜਵਾਬ ਦੇ ਰਹੇ ਹਨ। ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਪੁਲਵਾਮਾ ਵਿੱਚ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਦੇ ਮੌਜੂਦ ਹੋਣ ਤੋਂ ਬਾਅਦ ਇਹ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ‘ਚ ਹੋਏ ਮੁਕਾਬਲੇ ‘ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਦੋ ਪਾਕਿਸਤਾਨੀ ਅੱਤਵਾਦੀਆਂ ਸਮੇਤ ਦੋ ਅੱਤਵਾਦੀ ਮਾਰੇ ਗਏ ਸਨ। ਘਾਟੀ ਵਿੱਚ ਤਿੰਨ ਦਿਨਾਂ ਵਿੱਚ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਸੁਰੱਖਿਆ ਬਲਾਂ ਨੇ ਛੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਮੌਕੇ ਤੋਂ ਦੋ ਏਕੇ-47, ਸੱਤ ਮੈਗਜ਼ੀਨ, ਨੌਂ ਗ੍ਰੇਨੇਡ ਬਰਾਮਦ ਹੋਏ ਹਨ।

ਪੁਲਸ ਨੇ ਦੱਸਿਆ ਕਿ ਜ਼ਿਲੇ ਦੇ ਮਿਰਹਾਮਾ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ। ਘੇਰਾਬੰਦੀ ਸਖ਼ਤ ਹੁੰਦੀ ਦੇਖ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਾਲਾਂਕਿ ਸੁਰੱਖਿਆ ਬਲਾਂ ਨੇ ਸੰਜਮ ਵਰਤਦੇ ਹੋਏ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਦਾ ਮੌਕਾ ਦਿੱਤਾ। ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਦਹਿਸ਼ਤਗਰਦਾਂ ਨੇ ਗੱਲ ਨਹੀਂ ਮੰਨੀ ਅਤੇ ਉਨ੍ਹਾਂ ਨੇ ਗੋਲੀਬਾਰੀ ਜਾਰੀ ਰੱਖੀ। ਜਵਾਬੀ ਕਾਰਵਾਈ ‘ਚ ਇਕ ਤੋਂ ਬਾਅਦ ਇਕ ਦੋ ਅੱਤਵਾਦੀ ਮਾਰੇ ਗਏ।