ਚੰਡੀਗੜ੍ਹ 12 ਫਰਵਰੀ 2022: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ‘ਚ ਅੱਜ ਨਕਸਲੀਆਂ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਵਿਚਕਾਰ ਹੋਈ ਮੁੱਠਭੇੜ ‘ਚ ਇੱਕ ਅਧਿਕਾਰੀ ਸ਼ਹੀਦ ਹੋ ਗਿਆ ਜਦਕਿ ਇੱਕ ਹੋਰ ਜਵਾਨ ਜ਼ਖ਼ਮੀ ਹੋ ਗਿਆ। ਇਸ ਬਾਰੇ ਬੀਜਾਪੁਰ ਦੇ ਐਸਪੀ ਕਮਲੋਚਨ ਕਸ਼ਯਪ ਨੇ ਦੱਸਿਆ ਕਿ ਸੀਆਰਪੀਐਫ ਦੀ 168 ਬਟਾਲੀਅਨ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਜ਼ਿਲ੍ਹੇ ਦੇ ਉਸੂਰ ਬਲਾਕ ਦੇ ਜੰਗਲੀ ਖੇਤਰ ‘ਚ ਹੋਈ। ਇਹ ਇਲਾਕਾ ਰਾਜ ਦੀ ਰਾਜਧਾਨੀ ਰਾਏਪੁਰ ਤੋਂ ਲਗਭਗ 440 ਕਿਲੋਮੀਟਰ ਦੂਰ ਹੈ।
ਇਸ ਦੌਰਾਨ ਸੁੰਦਰਰਾਜ ਪੀ ਦੁਆਰਾ ਜਾਰੀ ਬਿਆਨ ਦੇ ਅਨੁਸਾਰ, ਸੀਆਰਪੀਐਫ ਦੀ ਬਟਾਲੀਅਨ ਸੜਕ ਸੁਰੱਖਿਆ ਡਿਊਟੀ ‘ਤੇ ਸੀ ਜਦੋਂ ਨਕਸਲੀਆਂ ਨੇ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁੱਠਭੇੜ ਸ਼ੁਰੂ ਹੋ ਗਈ । ਸੀਆਰਪੀਐਫ ਦੇ ਅਸਿਸਟੈਂਟ ਕਮਾਂਡੈਂਟ ਐਸਬੀ ਟਿਰਕੀ ਨਕਸਲੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋ ਗਏ ਸਨ। ਸਹਾਇਕ ਕਮਾਂਡੈਂਟ ਐਸਬੀ ਟਿਰਕੀ ਝਾਰਖੰਡ ਦਾ ਰਹਿਣ ਵਾਲਾ ਸੀ। ਨਕਸਲੀ ਹਮਲੇ ‘ਚ ਮਾਰੇ ਗਏ ਇੱਕ ਹੋਰ ਸੁਰੱਖਿਆ ਕਰਮੀ ਦੀ ਪਛਾਣ ਅੱਪਰਾਓ ਵਜੋਂ ਹੋਈ ਹੈ।ਦਸਿਆ ਜਾ ਰਿਹਾ ਹੈ ਕਿ ਜ਼ਖਮੀ ਕਰਮਚਾਰੀਆਂ ਦੀ ਹਾਲਤ ਹੁਣ ਸਥਿਰ ਹੈ। ਪੁਲਸ ਨੇ ਦੱਸਿਆ ਕਿ ਇਲਾਕੇ ਵਿੱਚ ਹੋਰ ਬਲ ਭੇਜੇ ਗਏ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਸਥਿਤੀ ਕਾਬੂ ਹੇਠ ਹੈ।