ਚੰਡੀਗੜ੍ਹ, 22 ਜੁਲਾਈ 2024: ਸਮਾਣਾ (Samana) ਦੇ ਸਿਵਲ ਹਸਪਤਾਲ ‘ਚ ਦੇਰ ਰਾਤ ਦੋ ਧਿਰਾਂ ‘ਚ ਝੜੱਪ ਹੋ ਗਈ | ਦੱਸਿਆ ਜਾ ਰਿਹਾ ਹੈ ਇਕ ਧਿਰ ਨੇ ਦੂਜੀ ਧਿਰ ਤੇਜ਼ਧਾਰ ਹਥਿਆਰਾਂ ਅਤੇ ਮੇਜ਼ ਕੁਰਸੀਆਂ ਨਾਲ ਹਮਲਾ ਕਰ ਦਿੱਤਾ | ਇਸ ਘਟਨਾ ‘ਚ ਤਿੰਨ ਜਣੇ ਗੰਭੀਰ ਜ਼ਖਮੀ ਹੋ ਗਏ ਅਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਜ਼ੇਰੇ ਇਲਾਜ਼ ਹਨ |
ਇਸ ਦੌਰਾਨ ਇੱਕ ਧਿਰ ਦਾ ਕਹਿਣਾ ਹੈ ਕਿ ਸਾਡੀ ਨਾਬਾਲਗ ਲੜਕੀ ਨਾਲ ਪਿੰਡ ਫਤਿਹਪੁਰ ਦਾ ਲੜਕਾ ਛੇੜਛਾੜ ਕਰਦਾ ਸੀ ਅਤੇ ਦੋ ਸਾਲ ਪਹਿਲਾਂ ਉਸਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ | ਉਹ ਫਿਰ ਤੋਂ ਜ਼ਮਾਨਤ ‘ਤੇ ਬਾਹਰ ਆ ਕੇ ਲੜਕੀ ਨੂੰ ਤੰਗ ਪਰੇਸ਼ਾਨ ਕਰਨ ਲੱਗਾ | ਇਸ ਰੰਜਿਸ਼ ਚੱਲਦੇ ਉਨ੍ਹਾਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ |
ਦੂਜੇ ਧਿਰ ਦੇ ਬਜ਼ੁਰਗ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਸਾਰੇ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ | ਸਮਾਣਾ ਦੇ ਸਿਵਲ ਹਸਪਤਾਲ (Civil hospital) ਦੇ ਐਮਰਜੈਂਸੀ ‘ਚ ਤਾਇਨਾਤ ਡਾਕਟਰ ਸਵਿੰਦਰ ਸਿੰਘ ਨੇ ਦੱਸਿਆ ਕਿ ਐਮਰਜੈਂਸੀ ਦੇ ਹਲਾਤ ਕਾਫ਼ੀ ਮਾੜੇ ਸਨ | ਅਸੀਂ ਜ਼ਖਮੀਆਂ ਦਾ ਇਲਾਜ਼ ਕਰ ਰਹੇ ਸੀ, ਉਸ ਵੇਲੇ ਦੂਜੀ ਧਿਰ ਨੇ ਤੇਜ਼ਧਾਰ ਹਥਿਆਰਾਂ ਨਾਲ ਬੰਦਿਆਂ ਨੂੰ ਜ਼ਖਮੀ ਕਰ ਦਿੱਤਾ | ਡਾਕਟਰ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਕਿਹਾ ਕਿ ਰਾਤ ਵੇਲੇ ਸਰਕਾਰੀ ਹਸਪਤਾਲ ‘ਚ ਤਾਇਨਾਤ ਬੀਬੀ ਡਾਕਟਰਾਂ ਅਤੇ ਦੂਜੇ ਸਟਾਫ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ | ਹਸਪਤਾਲ ‘ਚ ਆ ਕੇ ਹਮਲਾ ਕਰਨ ਵਾਲਿਆਂ ਨੂੰ ਛੇਤੀ ਕਾਬੂ ਕੀਤਾ ਜਾਵੇ |