ਚੰਡੀਗੜ੍ਹ, 26 ਨਵੰਬਰ 2024: ਪਾਕਿਸਤਾਨ (Pakistan) ‘ਚ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸਮਰਥਕਾਂ ਵੱਲੋਂ ਇਸਲਾਮਾਬਾਦ ਜਾ ਰਹੀ ਰੈਲੀ ਨੂੰ ਰੋਕਣ ਦੌਰਾਨ ਹੋਈ ਝੜੱਪ ‘ਚ ਹੁਣ ਤੱਕ ਸੁਰੱਖਿਆ ਬਲਾਂ ਦੇ ਛੇ ਜਵਾਨਾਂ ਦੀ ਮੌਤ ਦੀ ਖ਼ਬਰ ਹੈ | ਦੱਸਿਆ ਜਾ ਰਿਹਾ ਹੈ ਕਿ ਭੜਕੀ ਇਸ ਹਿੰਸਾ ਦੌਰਾਨ 100 ਤੋਂ ਜ਼ਿਆਦਾ ਜਵਾਨ ਜ਼ਖਮੀ ਵੀ ਹੋਏ ਹਨ। ਇਸ ਸਥਿਤੀ ਦਰਮਿਆਨ ਪਾਕਿਸਤਾਨ ਸਰਕਾਰ ਨੇ ਹੁਣ ਇਸਲਾਮਾਬਾਦ ‘ਚ ਫੌਜ ਤਾਇਨਾਤ ਕਰ ਦਿੱਤੀ ਹੈ ਅਤੇ ਉੱਗਰ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ।
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 24 ਨਵੰਬਰ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਸੀ ਅਤੇ 26ਵੀਂ ਸੋਧ ਪਾਸ ਹੋਣ ਦੀ ਨਿਖੇਧੀ ਕੀਤੀ ਗਈ ਸੀ। ਇਸ ਦੇ ਮੱਦੇਨਜ਼ਰ, ਖਾਨ ਦੇ ਸਮਰਥਕ ਇਸਲਾਮਾਬਾਦ ਵੱਲ ਮਾਰਚ ਕਰਨ ਲਈ ਵੱਡੀ ਗਿਣਤੀ ‘ਚ ਇਕੱਠੇ ਹੋਏ।
ਹਾਲਾਂਕਿ, ਅਧਿਕਾਰੀਆਂ ਨੇ ਪੀਟੀਆਈ ਸਮਰਥਕਾਂ ਦੁਆਰਾ ਰਾਜਧਾਨੀ ‘ਚ ਦਾਖਲ ਹੋਣ ਅਤੇ ਧਰਨਾ ਦੇਣ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਸਖਤ ਪ੍ਰਬੰਧ ਕੀਤੇ ਸਨ। ਸਾਬਕਾ ਪ੍ਰਧਾਨ ਮੰਤਰੀ ਦੇ ਸਮਰਥਕ ਰਾਸ਼ਟਰੀ ਰਾਜਧਾਨੀ ‘ਚ ਦਾਖਲ ਹੋ ਕੇ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦਫਤਰ, ਸੰਸਦ ਅਤੇ ਸੁਪਰੀਮ ਕੋਰਟ ਸਮੇਤ ਕਈ ਮਹੱਤਵਪੂਰਨ ਸਰਕਾਰੀ ਇਮਾਰਤਾਂ ਦੇ ਨੇੜੇ ਸਥਿਤ ਡੀ-ਚੌਕ ‘ਤੇ ਪ੍ਰਦਰਸ਼ਨ ਕਰਨ ਜਾ ਰਹੇ ਹਨ।
ਇਸ ਦੇ ਬਾਵਜੂਦ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੁਰੱਖਿਆ ਬਲਾਂ ਵੱਲੋਂ ਮਾਰਚ ‘ਤੇ ਪਕੜ ਸਖ਼ਤ ਕਰਨ ਤੋਂ ਬਾਅਦ ਹਿੰਸਾ ਭੜਕ ਗਈ। ਵੱਡੀ ਗਿਣਤੀ ‘ਚ ਅਰਧ ਸੈਨਿਕ ਅਤੇ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਤੋਂ ਬਾਅਦ ਹੁਣ ਇਸਲਾਮਾਬਾਦ ਵਿਚ ਸੁਰੱਖਿਆ ਦੀ ਜ਼ਿੰਮੇਵਾਰੀ ਫੌਜ ਨੂੰ ਸੌਂਪ ਦਿੱਤੀ ਹੈ।
ਪਾਕਿਸਤਾਨ (Pakistan) ਦੇ ਸਥਾਨਕ ਮੀਡੀਆ ਮੁਤਾਬਕ ਵਿਰੋਧ ਪ੍ਰਦਰਸ਼ਨ ਦੌਰਾਨ ਇਸਲਾਮਾਬਾਦ ਦੇ ਸ਼੍ਰੀਨਗਰ ਹਾਈਵੇ ‘ਤੇ ਇੱਕ ਵਾਹਨ ਨੇ ਪਾਕਿਸਤਾਨ ਰੇਂਜਰਸ ਨੂੰ ਟੱਕਰ ਮਾਰ ਦਿੱਤੀ। ਇਸ ‘ਚ ਚਾਰ ਜਵਾਨਾਂ ਦੀ ਜਾਨ ਚਲੀ ਗਈ। ਘਟਨਾ ਸੋਮਵਾਰ ਰਾਤ ਦੀ ਹੈ। ਇਸ ‘ਚ ਪੰਜ ਜਵਾਨ ਵੀ ਜ਼ਖ਼ਮੀ ਹੋਏ ਹਨ। ਕੁਝ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ।