ਚੰਡੀਗੜ੍ਹ 20 ਦਸੰਬਰ 2022: ਜ਼ੀਰਾ ਸ਼ਰਾਬ ਫੈਕਟਰੀ (Zira liquor factory) ਦੇ ਬਾਹਰ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ ਹੈ। ਇਸ ਦੌਰਾਨ ਪੁਲਿਸ ਅਤੇ ਧਰਨਾਕਾਰੀ ਆਹਮੋ-ਸਾਹਮਣੇ ਹੋ ਗਏ ਹਨ |ਜਿਸ ਕਾਰਰਨ ਸਥਿਤੀ ਤਣਾਅਪੂਰਨ ਬਣ ਗਈ ਹੋਈ ਹੈ। ਜਾਣਕਾਰੀ ਮੁਤਾਬਕ ਸਥਿਤੀ ਕਾਬੂ ਤੋਂ ਬਾਹਰ ਦੱਸੀ ਜਾ ਰਹੀ ਹੈ। ਕਿਸਾਨਾਂ ਨੇ ਬੈਰੀਕੇਡ ਨੂੰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਲਾਠੀਚਾਰਜ ਕਰ ਦਿੱਤਾ | ਇਸ ਦੌਰਾਨ ਭਾਰਤੀਆਂ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਬੈਰੀਕੇਡ ‘ਤੇ ਧੱਕਾ-ਮੁੱਕੀ ਵੀ ਹੋਈ |
ਪੁਲਿਸ ਬੱਸਾਂ ਬੈਰੀਕੇਡਾਂ ਵਾਂਗ ਖੜ੍ਹੀਆਂ ਕੀਤੀਆਂ ਹੋਈਆਂ ਹਨ। ਸਥਿਤੀ ਨੂੰ ਕਾਬੂ ਕਰਨ ਲਈ 10 ਜ਼ਿਲ੍ਹਿਆਂ ਦੀ ਪੁਲਿਸ ਧਰਨੇ ਵਾਲੀ ਥਾਂ ‘ਤੇ ਤਾਇਨਾਤ ਹੈ। ਇਸਦੇ ਨਾਲ ਹੀ ਸਥਾਨਕ ਐੱਸ ਐੱਸਪੀ ਅਤੇ ਹੋਰ ਅਧਿਕਾਰੀ ਮੌਜੂਦ ਹਨ | ਇਸ ਦੇ ਨਾਲ ਹੀ ਕਿਸਾਨਾਂ ਦੀ ਗਿਣਤੀ ਵੀ ਵਧ ਰਹੀ ਹੈ, ਜੋ ਕਿ ਪੁਲਿਸ ਲਈ ਸਿਰਦਰਦੀ ਬਣ ਰਹੀ ਹੈ।
ਦੱਸ ਦੇਈਏ ਕਿ ਹਾਈਕੋਰਟ ਨੇ ਹੁਕਮ ਜਾਰੀ ਕੀਤੇ ਸਨ ਕਿ ਸ਼ਰਾਬ ਫੈਕਟਰੀ ਤੋਂ 300 ਮੀਟਰ ਦੀ ਦੂਰੀ ‘ਤੇ ਧਰਨਾ ਲਾਇਆ ਜਾਵੇ | 300 ਮੀਟਰ ਦੇ ਘੇਰੇ ਵਿੱਚ ਧਾਰਾ 144 ਲਗਾਈ ਗਈ ਸੀ। ਦੂਜੇ ਪਾਸੇ ਫੈਕਟਰੀ ਖੋਲ੍ਹਣ ਦੇ ਹੁਕਮ ਦਿੱਤੇ ਗਏ। ਜ਼ਿਕਰਯੋਗ ਹੈ ਕਿ ਫੈਕਟਰੀ ਦਾ ਦੂਜਾ ਗੇਟ ਖੁੱਲ੍ਹਣ ਤੋਂ ਬਾਅਦ ਇਹ ਹੰਗਾਮਾ ਵਧ ਗਿਆ ਹੈ।
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਮੀਟਿੰਗ ਕਰਕੇ ਵੱਡੀ ਰਣਨੀਤੀ ਤਿਆਰ ਕਰਨ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਪਿਛਲੇ 4-5 ਮਹੀਨਿਆਂ ਤੋਂ ਸਥਾਨਕ ਲੋਕ ਅਤੇ ਕਿਸਾਨ ਸ਼ਰਾਬ ਫੈਕਟਰੀ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦੀ ਮੰਗ ਸੀ ਕਿ ਸ਼ਰਾਬ ਦੀ ਫੈਕਟਰੀ ਬੰਦ ਕੀਤੀ ਜਾਵੇ।