Site icon TheUnmute.com

ਆਮ ਘਰ ਦੇ ਚਿਰਾਗ ਯਾਦਵਿੰਦਰ ਨੇ ਜੱਜ ਬਣ ਕੇ ਕਕਰਾਲਾ ਭਾਈਕਾ ਦਾ ਨਾਂ ਦੇਸ਼ ‘ਚ ਕੀਤਾ ਰੋਸ਼ਨ

judge

ਪਟਿਆਲਾ 16 ਫਰਵਰੀ 2024: ਪੰਜਾਬ ਰਾਜ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀ.ਸੀ.ਐੱਸ. (PCS) ਜੁਡੀਸ਼ੀਅਲ ਦੇ ਸਾਲ 2023 ਦੇ ਐਲਾਨੇ ਨਤੀਜਿਆਂ ਵਿੱਚੋਂ 65ਵਾਂ ਸਥਾਨ ਹਾਸਲ ਕਰਕੇ ਯਾਦਵਿੰਦਰ ਸਿੰਘ ਪਾਪੜਾ ਨੇ ਆਪਣੇ ਮਾਤਾ-ਪਿਤਾ ਦੇ ਨਾਲ਼ ਪਿੰਡ ਕਕਰਾਲਾ ਭਾਈਕਾ ਦਾ ਨਾਂ ਦੇਸ਼ ਭਰ ਵਿੱਚ ਰੌਸ਼ਨ ਕਰਕੇ ਅਜੋਕੀ ਪ੍ਰਵਾਸ ਕਰ ਰਹੀ ਨੌਜਵਾਨ ਪੀੜ੍ਹੀ ਲਈ ਇੱਕ ਨਵੀਂ ਪ੍ਰੇਰਨਾ ਤੇ ਮਿਸਾਲ ਪੇਸ਼ ਕੀਤੀ ਹੈ।

ਦੱਸਣਯੋਗ ਹੈ ਕਿ ਇੱਕ ਸਧਾਰਨ ਪੇਂਡੂ ਪਰਿਵਾਰ ਵਿੱਚ ਜਨਮੇ ਯਾਦਵਿੰਦਰ ਸਿੰਘ ਨੇ ਮੁੱਢਲੀ ਸਿੱਖਿਆ ਪਿੰਡ ਕਕਰਾਲਾ ਤੋਂ ਕਰਨ ਉਪਰੰਤ ਕਾਨੂੰਨ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ ਲੁਧਿਆਣਾ ਤੋ ਕਰਕੇ ਪੀ.ਸੀ.ਐੱਸ.ਜੁਡੀਸ਼ੀਅਲ ਦੀ ਤਿਆਰੀ ਆਪਣੇ ਚਾਚਾ ਸੁਖਚੈਨ ਸਿੰਘ ਪੀ.ਸੀ.ਐੱਸ (PCS) (ਐਲਾਈਡ) ਡੀ.ਡੀ.ਪੀ.ੳ.ਸੰਗਰੂਰ ਦੀ ਦੇਖ-ਰੇਖ ਹੇਠ ਆਰੰਭ ਕੀਤੀ ਅਤੇ ਉਹਨਾਂ ਵਾਂਗ ਹੀ ਪਹਿਲੀ ਕੋਸ਼ਿਸ਼ ਵਿੱਚ ਇਹ ਵੱਕਾਰੀ ਪਰੀਖਿਆ ਪਾਸ ਕਰਕੇ ‘ਜੱਜ’ ਦਾ ਸਨਮਾਨਯੋਗ ਅਹੁਦਾ ਛੋਟੀ ਉਮਰੇ ਹਾਸਲ ਕੀਤਾ।

ਯਾਦਵਿੰਦਰ ਨੇ ਦੱਸਿਆ ਕਿ ਉਸ ਦੇ ਮਾਤਾ ਮਨਜੀਤ ਕੌਰ ਇੱਕ ਘਰੇਲੂ ਔਰਤ ਅਤੇ ਪਿਤਾ ਗੁਰਦਾਸ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਸਹਾਇਕ ਸਬ-ਇੰਸਪੈਕਟਰ ਤਾਇਨਾਤ ਹਨ।ਬਚਪਨ ਤੋਂ ਹੀ ਮਾਤਾ-ਪਿਤਾ ਦੀ ਸਿੱਖਿਆ,ਦਾਦੀ ਸੁਰਜੀਤ ਕੌਰ ਦੀ ਹਿੰਮਤ-ਹੌਂਸਲੇ ਨੇ ਉਸਨੂੰ ਪੜ੍ਹਾਈ ਦੌਰਾਨ ਅੱਕਣ-ਥੱਕਣ ਨਹੀਂ ਦਿੱਤਾ।ਚਾਚਾ ਦੇ ਦਿਸ਼ਾ ਨਿਰਦੇਸ਼ਾਂ ਨੇ ਉਸ ਦਾ ਔਖੇ ਸਮੇਂ ਮਾਰਗ-ਦਰਸ਼ਨ ਕੀਤਾ।ਉਸ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨ ਦੀ ਬਜਾਏ ਨੌਜਵਾਨਾਂ ਨੂੰ ਕਰੜੀ ਮਿਹਨਤ ਕਰ ਕੇ ਆਪਣੇ ਦੇਸ਼ ਵਿੱਚ ਹੀ ਰਹਿ ਕੇ ਵਧੀਆ ਅਹੁਦੇ ਹਾਸਿਲ ਕਰਕੇ ਦੇਸ ਦੀ ਸੇਵਾ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ।

ਡੀ.ਡੀ.ਪੀ.ੳ.ਸੰਗਰੂਰ ਸੁਖਚੈਨ ਸਿੰਘ ਪਾਪੜਾ ਨੇ ਗੱਲ-ਬਾਤ ਕਰਦਿਆ ਕਿਹਾ ਕਿ ਅੱਜ ਉਹਨਾਂ ਦੇ ਪਰਿਵਾਰ ਅਤੇ ਪਿੰਡ ਲਈ ਇਹ ਬਹੁਤ ਖੁਸ਼ੀ ਦਾ ਪਲ ਹੈ ਅਤੇ ਉਹ ਇਸ ਮੌਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ।ਉਹਨਾਂ ਦਾ ਸੁਪਨਾ ਹੈ ਕਿ ਪਿੰਡ ਦੇ ਹੋਰ ਨੌਜਵਾਨ ਵੀ ਇਸ ਤੋਂ ਪੇ੍ਰਨਾ ਲੈ ਕੇ ਜੀਵਨ ਵਿੱਚ ਉਚੇਰੇ ਮੁਕਾਮ ਹਾਸਿਲ ਕਰਨ।ਇਸ ਖੁਸ਼ੀ ਮੌਕੇ ਯਾਦਵਿੰਦਰ ਸਿੰਘ ਦੇ ਚਾਚਾ ਦਰਸ਼ਨ ਸਿੰਘ ਪਾਪੜਾ ਅਤੇ ਫੁੱਫੜ ਹਰਮਿੰਦਰ ਸਿੰਘ ਗਿੱਲ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਨੇ ਪਰਿਵਾਰ ਦਾ ਸਮਾਜ ਅਤੇ ਇਲਾਕੇ ਵਿੱਚ ਸਿਰ ਉੱਚਾ ਕੀਤਾ ਹੈ।

ਇਸ ਮੌਕੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਵਿੱਚ ਲੈਕਚਰਾਰ ਬਲਜੀਤ ਸਿੰਘ ਕਕਰਾਲਾ,ਮਾਸਟਰ ਅਵਤਾਰ ਸਿੰਘ ਕਕਰਾਲਾ,ਅਵਤਾਰ ਸਿੰਘ ਫੂਡ ਇੰਸਪੈਕਟਰ,ਮਾਸਟਰ ਨਿਰੰਜਣ ਸਿੰਘ ਅਤੇ ਪੱਤਰਕਾਰ ਸੁਖਦੀਪ ਸਿੰਘ ਮਾਨ ਕਕਰਾਲਾ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ।
ਫੋਟੋ ਕੈਪਸ਼ਨ-ਯਾਦਵਿੰਦਰ ਸਿੰਘ ਆਪਣੇ ਪਰਿਵਾਰ ਨਾਲ਼ ਖੁਸ਼ੀ ਸਾਂਝੀ ਕਰਦੇ ਹੋਏ।

Exit mobile version