ਚੰਡੀਗੜ੍ਹ 20 ਜਨਵਰੀ 2022: ਲੱਦਾਖ ਵਿੱਚ LAC ਦੇ ਨਾਲ ਭਾਰਤ ਅਤੇ ਚੀਨ ਦਰਮਿਆਨ ਤਣਾਅ ਜਾਰੀ ਹੈ। ਇਸ ਦੌਰਾਨ ਚੀਨ ਨੇ ਭਾਰਤ ਨਾਲ ਲੱਗਦੀਆਂ ਬਾਕੀ ਸਰਹੱਦਾਂ ‘ਤੇ ਆਪਣੀਆਂ ਨਾਪਾਕ ਗਤੀਵਿਧੀਆਂ ਜਾਰੀ ਰੱਖੀਆਂ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਅਰੁਣਾਚਲ ਪ੍ਰਦੇਸ਼ (Arunachal Pradesh) ਦੀ ਸਰਹੱਦ ਤੋਂ 17 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਹੈ। ਰਾਜ ਦੇ ਸੰਸਦ ਮੈਂਬਰ ਤਾਪੀਰ ਗਾਓ ਨੇ ਕਿਹਾ ਕਿ ਲੜਕੇ ਨੂੰ ਅੱਪਰ ਸਿਆਂਗ ਜ਼ਿਲ੍ਹੇ ਤੋਂ ਅਗਵਾ ਕੀਤਾ ਗਿਆ ਸੀ। ਸੰਸਦ ਮੈਂਬਰ ਨੇ ਕਿਹਾ ਕਿ ਪੀਐਲਏ ਨੇ ਇੱਕ ਹੋਰ ਲੜਕੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਲੜਕੇ ਨੇ ਆਪਣੇ ਸਾਥੀ ਦੇ ਅਗਵਾ ਹੋਣ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ।
ਗਾਓ ਨੇ ਕਿਹਾ ਕਿ ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਗ੍ਰਹਿ ਰਾਜ ਮੰਤਰੀ ਨਿਤੀਸ਼ ਪ੍ਰਮਾਨਿਕ ਨੂੰ ਦੇ ਦਿੱਤੀ ਹੈ ਅਤੇ ਸਰਕਾਰੀ ਏਜੰਸੀਆਂ ਰਾਹੀਂ ਉਨ੍ਹਾਂ ਦੀ ਜਲਦੀ ਰਿਹਾਈ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਸਤੰਬਰ 2020 ਵਿੱਚ ਚੀਨ ਨੇ ਵੀ ਅਜਿਹਾ ਹੀ ਕੰਮ ਕੀਤਾ ਸੀ। ਪੀਐੱਲਏ ਨੇ ਅਰੁਣਾਚਲ ਦੇ ਅੱਪਰ ਸੁਬਨਸਿਰੀ ਜ਼ਿਲ੍ਹੇ (Arunachal Pradesh) ਤੋਂ ਪੰਜ ਲੋਕਾਂ ਨੂੰ ਅਗਵਾ ਕੀਤਾ ਸੀ। ਸਥਾਨਕ ਮੀਡੀਆ ਵੱਲੋਂ ਮਾਮਲਾ ਉਠਾਏ ਜਾਣ ਤੋਂ ਬਾਅਦ ਤਤਕਾਲੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਮਾਮਲਾ ਚੀਨ ਦੇ ਸਾਹਮਣੇ ਰੱਖਿਆ ਸੀ ਅਤੇ ਅਗਵਾ ਹੋਏ ਲੋਕਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਸੀ।