July 7, 2024 6:08 am
US Department of Defense

America ਦਾ ਵੱਡਾ ਬਿਆਨ, ਚੀਨ ਦੁਨੀਆ ਭਰ ‘ਚ ਬਣਾ ਰਿਹਾ ਹੈ ਆਪਣੇ ਫੌਜੀ ਠਿਕਾਣੇ

ਚੰਡੀਗੜ੍ਹ 15 ਦਸੰਬਰ 2021: ਅਮਰੀਕੀ ਰੱਖਿਆ ਵਿਭਾਗ (US Department of Defense) ਪੈਂਟਾਗਨ (Pentagon) ਨੇ ਚੀਨ (Chine) ਦੀ ਵੱਡੀ ਸਾਜ਼ਿਸ਼ ਦਾ ਖ਼ੁਲਾਸਾ ਕੀਤਾ ਹੈ। ਚੀਨ ‘ਚ ਸ਼ੀ ਜਿਨਪਿੰਗ ਦੇ ਸੱਤਾ ਸੰਭਾਲਣ ਤੋਂ ਬਾਅਦ ਚੀਨੀ ਫੌਜ ਜ਼ਿਆਦਾ ਹਮਲਾਵਰ ਹੋ ਗਈ ਹੈ ਅਤੇ ਉਸ ਦੀਆਂ ਇੱਛਾਵਾਂ ਵੀ ਵਧ ਗਈਆਂ ਹਨ। ਪੈਂਟਾਗਨ ਦਾ ਦਾਅਵਾ ਹੈ ਕਿ ਚੀਨ ਦੁਨੀਆ ਭਰ ਵਿੱਚ ਆਪਣੇ ਫੌਜੀ ਠਿਕਾਣਿਆਂ ਦਾ ਨਿਰਮਾਣ ਕਰ ਰਿਹਾ ਹੈ ਅਤੇ ਪਹਿਲਾਂ ਹੀ ਆਪਣੀਆਂ ਫੌਜਾਂ ਨੂੰ ਸਮਰਥਨ ਦੇਣ ਲਈ ਵਾਧੂ ਫੌਜੀ ਅੱਡੇ ਅਤੇ ਲੌਜਿਸਟਿਕ ਸਹੂਲਤਾਂ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਹੁਣ ਤੱਕ ਸਿਰਫ ਇੱਕ ਫੌਜੀ ਅੱਡੇ ਦੀ ਪੁਸ਼ਟੀ ਹੋਈ ਹੈ।ਅਮਰੀਕੀ ਰੱਖਿਆ ਵਿਭਾਗ ਨੇ ਕਿਹਾ ਕਿ ਚੀਨ ਆਪਣੀ ਜਲ ਸੈਨਾ, ਹਵਾਈ ਸੈਨਾ, ਸੈਨਾ ਦੀ ਮਦਦ ਲਈ ਵਾਧੂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ।

ਪੈਂਟਾਗਨ (Pentagon) ਦੇ ਅਧਿਕਾਰੀਆਂ ਨੇ ਕਿਹਾ ਕਿ ਚੀਨ ਪਹਿਲਾਂ ਹੀ ਆਪਣੇ ਬਲਾਂ ਨੂੰ ਸਮਰਥਨ ਦੇਣ ਲਈ ਵਾਧੂ ਫੌਜੀ ਬੇਸ ਅਤੇ ਲੌਜਿਸਟਿਕ ਸਹੂਲਤਾਂ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ (PLA) ਦੁਨੀਆ ਦੀ ਸਭ ਤੋਂ ਵੱਡੀ ਫੌਜ ਹੈ। ਪੀਐੱਲਏ ਵਿੱਚ ਕਰੀਬ 20 ਲੱਖ ਫੌਜੀ ਹਨ। ਹਾਲੀਆ ਮੀਡੀਆ ਰਿਪੋਰਟਾਂ ਨੇ ਸੰਭਾਵੀ ਚੀਨੀ ਫੌਜੀ ਠਿਕਾਣਿਆਂ ਲਈ ਇਕੂਟੇਰੀਅਲ ਗਿਨੀ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ‘ਤੇ ਧਿਆਨ ਕੇਂਦਰਿਤ ਕੀਤਾ ਹੈ। ਦਸੰਬਰ ਦੇ ਸ਼ੁਰੂ ਵਿਚ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਚੀਨ ਇਕੂਟੇਰੀਅਲ ਗਿਨੀ ਵਿਚ ਆਪਣਾ ਪਹਿਲਾ ਫੌਜੀ ਅੱਡਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਬਣੀ ਵਪਾਰਕ ਬੰਦਰਗਾਹ ਬਾਟਾ ‘ਚ ਮਿਲਟਰੀ ਬੇਸ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਮਰੀਕੀ ਫੌਜ ਦੀ ਅਫ਼ਰੀਕਾ ਕਮਾਂਡ ਦੇ ਕਮਾਂਡਰ ਜਨਰਲ ਸਟੀਫਨ ਟਾਊਨਸੈਂਡ ਨੇ ਅਪ੍ਰੈਲ ‘ਚ ਕਿਹਾ ਸੀ ਕਿ ਚੀਨ ਤੋਂ ਸਭ ਤੋਂ ਵੱਡਾ ਖ਼ਤਰਾ ਅਫਰੀਕਾ ਦੇ ਐਟਲਾਂਟਿਕ ਤੱਟ ‘ਤੇ ਸਥਿਤ ਉਸ ਦੀਆਂ ਜਲ ਸੈਨਾਵਾਂ ਤੋਂ ਆਵੇਗਾ। ਉਸਨੇ ਕਿਹਾ ਸੀ, “ਮੈਂ ਇੱਕ ਬੰਦਰਗਾਹ ਦੀ ਗੱਲ ਕਰ ਰਿਹਾ ਹਾਂ , ਜਿੱਥੇ ਉਹ ਹਥਿਆਰਾਂ ਨਾਲ ਦੁਬਾਰਾ ਹਮਲਾ ਕਰ ਸਕਦੇ ਹਨ ਅਤੇ ਜਲ ਸੈਨਾ ਦੇ ਜਹਾਜ਼ਾਂ ਦੀ ਮੁਰੰਮਤ ਕਰ ਸਕਦੇ ਹਨ।” ਇਸ ਤੋਂ ਪਹਿਲਾਂ, ਅਬੂ ਧਾਬੀ ਤੋਂ 80 ਕਿਲੋਮੀਟਰ ਉੱਤਰ ਵਿੱਚ ਸਥਿਤ ਖਲੀਫਾ ਦੇ ਕਾਰਗੋ ਬੰਦਰਗਾਹ ‘ਤੇ ਨਿਰਮਾਣ ਕਾਰਜ ਨੂੰ ਅਮਰੀਕਾ ਤੋਂ ਚੇਤਾਵਨੀ ਮਿਲਣ ਤੋਂ ਬਾਅਦ ਰੋਕਣਾ ਪਿਆ ਸੀ। ਚੀਨ ‘ਤੇ ਦੋਸ਼ ਸੀ ਕਿ ਉਸ ਨੇ ਯੂਏਈ ਨੂੰ ਬਿਨਾਂ ਸੂਚਿਤ ਕੀਤੇ ਗੁਪਤ ਤਰੀਕੇ ਨਾਲ ਉੱਥੇ ਫੌਜ ਲਈ ਬੇਸ ਬਣਾਏ ਸਨ। ਸਾਲ 2018 ਵਿੱਚ, ਕੋਸਕੋ ਸ਼ਿਪਿੰਗ ਪੋਰਟ ਅਬੂ ਧਾਬੀ ਟਰਮੀਨਲ ਨੂੰ ਅਪਗ੍ਰੇਡ ਕਰਨ ਲਈ ਯੂਏਈ ਅਤੇ ਚੀਨ ਵਿਚਕਾਰ ਇੱਕ ਸੌਦੇ ‘ਤੇ ਹਸਤਾਖਰ ਕੀਤੇ ਗਏ ਸਨ।

ਇਹ ਬੰਦਰਗਾਹ ਅਲ ਡਾਫਰਾ ਏਅਰ ਬੇਸ ਅਤੇ ਜੇਬੇਲ ਅਲੀ ਦੋਵਾਂ ਦੇ ਨੇੜੇ ਹੈ।ਇੱਕ ਰਿਪੋਰਟ ਦੇ ਮੁਤਾਬਕ ਚੀਨ (Chine) ਕੰਬੋਡੀਆ ਵਿੱਚ ਵੀ ਮਿਲਟਰੀ ਬੇਸ ਬਣਾ ਰਿਹਾ ਹੈ। ਹਾਲ ਹੀ ਵਿੱਚ ਕੰਬੋਡੀਆ ਨੇ ਰੀਮ ਨੇਵਲ ਬੇਸ ਵਿਖੇ ਦੋ ਅਮਰੀਕੀਆਂ ਦੁਆਰਾ ਬਣਾਈਆਂ ਇਮਾਰਤਾਂ ਨੂੰ ਢਾਹ ਦਿੱਤਾ। ਕੰਬੋਡੀਆ ਦੇ ਰੱਖਿਆ ਮੰਤਰੀ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਚੀਨ ਬੁਨਿਆਦੀ ਢਾਂਚੇ ਦੇ ਵਿਸਤਾਰ ਵਿੱਚ ਮਦਦ ਕਰ ਰਿਹਾ ਹੈ। ਹਾਲ ਹੀ ‘ਚ ਵਾਲ ਸਟਰੀਟ ਜਨਰਲ ਨੇ ਦੋਸ਼ ਲਾਇਆ ਸੀ ਕਿ ਕੰਬੋਡੀਆ ਨੇ ਚੀਨ ਨੂੰ ਜਲ ਸੈਨਾ ਸਹੂਲਤਾਂ ਦੇਣ ਲਈ 30 ਸਾਲ ਦੇ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਹਾਲਾਂਕਿ, ਕੰਬੋਡੀਆ ਦੀ ਸਰਕਾਰ ਨੇ ਇਸ ਤੋਂ ਇਨਕਾਰ ਕੀਤਾ ਹੈ।