ਚੰਡੀਗੜ੍ਹ 14 ਜਨਵਰੀ 2022: ਚੀਨ (China) ਦਾ ਹਮੇਸ਼ਾ ਸਰਹੱਦੀ ਇਲਾਕਿਆਂ ਤੇ ਕਬਜ਼ਾ ਕਰਨ ਦੀ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਅਜਿਹੇ ਵਿਵਾਦਾਂ ਕਾਰਨ ਚੀਨ ਹਮੇਸ਼ਾ ਤੋਂ ਹੀ ਚਰਚਾ ‘ਚ ਰਹਿੰਦਾ ਹੈ | ਇਨ੍ਹੀਂ ਦਿਨੀਂ ਚੀਨ ਵਿਵਾਦਤ ਭੂਟਾਨ (Bhutan) ਖੇਤਰ ਵਿੱਚ ਪਿੰਡ ਬਣਾ ਰਿਹਾ ਹੈ। ਇਹ ਡੋਕਲਾਮ ਪਠਾਰ ਤੋਂ 30 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹਨ। ਇਸ ਦਾ ਖੁਲਾਸਾ ਹਾਈ-ਰੈਜ਼ੋਲਿਊਸ਼ਨ ਸੈਟੇਲਾਈਟ ਤਸਵੀਰਾਂ ਤੋਂ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭੂਟਾਨ (Bhutan) ਦੇ ਵਿਵਾਦਿਤ ਖੇਤਰ ਦੇ ਅੰਦਰ ਚੀਨੀ ਪਿੰਡਾਂ ਦੀ ਵਰਤੋਂ ਫੌਜੀ ਅਤੇ ਨਾਗਰਿਕ ਦੋਵਾਂ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਡੋਕਲਾਮ ਪਠਾਰ ਭਾਰਤ, ਚੀਨ ਅਤੇ ਭੂਟਾਨ ਵਿਚਕਾਰ 100 ਵਰਗ ਕਿਲੋਮੀਟਰ ਦਾ ਖੇਤਰ ਹੈ। ਡੋਕਲਾਮ 2017 ਵਿੱਚ ਸੁਰਖੀਆਂ ‘ਚ ਸੀ, ਜਦੋਂ ਭਾਰਤੀ ਸੈਨਾ ਅਤੇ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) 70 ਦਿਨਾਂ ਤੋਂ ਵੱਧ ਸਮੇਂ ਤੱਕ ਆਹਮੋ-ਸਾਹਮਣੇ ਸਨ। ਭਾਰਤੀ ਸੈਨਿਕ ਇਸ ਖੇਤਰ ਵਿੱਚ ਰਹੇ, ਜਿਸ ਤੋਂ ਬਾਅਦ ਚੀਨ ਨੂੰ ਪਿੱਛੇ ਹਟਣਾ ਪਿਆ।