June 28, 2024 10:35 am
ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ

ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਵੱਲੋਂ ਗੋਦ ਲਏ ਬੱਚਿਆਂ ਨੂੰ ਸੀ.ਏ. ਦੀ ਪੜ੍ਹਾਈ ਕਰਵਾਉਣ ਲਈ ਕੀਤੀ ਨਿਵੇਕਲੀ ਪਹਿਲਕਦਮੀ

ਪਟਿਆਲਾ 06 ਅਗਸਤ 2022: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਖ਼ੁਸ਼ਹਾਲ ਸੂਬਾ ਬਣਾਉਣ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਪੰਜਾਬ ਵਿੱਚ ਕਈ ਨੌਜਵਾਨ ਲੜਕੇ-ਲੜਕੀਆਂ ਅਜਿਹੇ ਵੀ ਹਨ ਜੋ ਆਪਣੇ ਘਰ ਦੀਆਂ ਮਜਬੂਰੀਆਂ ਕਰਕੇ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਦੇ ਅਤੇ ਪੜ੍ਹਾਈ ਕਰਨ ਦੇ ਚਾਹਵਾਨ ਇਨ੍ਹਾਂ ਬੱਚਿਆਂ ਦੇ ਸੁਪਨੇ ਵੀ ਅਧੂਰੇ ਰਹਿ ਜਾਂਦੇ ਹਨ |

ਪਰ ਹੁਣ ਇਨ੍ਹਾਂ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਉੱਚ ਦਰਜੇ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੋਸਾਇਟੀ ਇਨ੍ਹਾਂ ਬੱਚਿਆਂ ਲਈ ਵਰਦਾਨ ਸਾਬਿਤ ਹੋਈ ਹੈ | ਜਿੱਥੇ ਇਸ ਸੁਸਾਇਟੀ ਦੇ ਪ੍ਰਧਾਨ ਅਜੇ ਅਲੀਪੁਰੀਆ ਨੇ ਅਜਿਹੇ ਹੀ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਗੋਦ ਲਿਆ ਜੋ ਕਿ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਵਿੱਚ ਅਸਮਰਥ ਸਨ |

 ਸ਼ੀਲਾ ਅਲੀਪੁਰੀਆ ਚੈਰੀਟੇਬਲ ਸੋਸਾਇਟੀ

ਸ਼ੀਲਾ ਅਲੀਪੁਰੀਆ ਚੈਰੀਟੇਬਲ ਸੋਸਾਇਟੀ ਵੱਲੋਂ ਗੋਦ ਲਏ ਇਨ੍ਹਾਂ ਬੱਚਿਆਂ ਨੂੰ ਹੁਣ ਸੀ.ਏ. ਦੀ ਮੁਕੰਮਲ ਪੜ੍ਹਾਈ ਕਰਵਾਈ ਜਾਵੇਗੀ | ਪਟਿਆਲਾ ਦੇ ਮਾਡਲ ਟਾਊਨ ਵਿਖੇ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਵੱਲੋਂ ਇੱਕ ਸਮਾਗਮ ਉਲੀਕਿਆ ਗਿਆ ਜਿੱਥੇ ਇਸ ਸੁਸਾਇਟੀ ਵੱਲੋਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸੀ.ਏ. ਦੀ ਪੜ੍ਹਾਈ ਕਰਵਾਉਣ ਲਈ ਅੱਜ ਗੋਦ ਲਿਆ | ਇਕ ਸਾਦੇ ਸਮਾਗਮ ਵਿੱਚ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਇਨਕਮ ਟੈਕਸ ਦੇ ਕਮਿਸ਼ਨਰ ਬਿਕਰਮ ਗੌੜ ਅਤੇ ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਿਖ ਤੋਂ ਇਲਾਵਾ ਹੋਰ ਵੀ ਕਈ ਮਹਾਨ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ |

 ਸ਼ੀਲਾ ਅਲੀਪੁਰੀਆ ਚੈਰੀਟੇਬਲ ਸੋਸਾਇਟੀ

ਇਸ ਮੌਕੇ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਅਜੇ ਅਲੀਪੁਰੀਆ ਨੇ ਗੋਦ ਲਏ ਬੱਚਿਆਂ ਬਾਰੇ ਵਿਸਥਾਰਪੂਰਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਇਨ੍ਹਾਂ ਬੱਚੀਆਂ ਨੂੰ ਸੀ.ਏ. ਦੀ ਪੜ੍ਹਾਈ ਕਰਵਾਏਗੀ, ਤਾਂ ਜੋ ਇਹ ਲੋੜਵੰਦ ਬੱਚੇ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਆਪਣਾ ਭਵਿੱਖ ਅਤੇ ਆਪਣੇ ਮਾਤਾ ਪਿਤਾ ਦਾ ਭਵਿੱਖ ਸਵਾਰ ਸਕਣ | ਇਸ ਮੌਕੇ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੋਸਾਇਟੀ ਵੱਲੋਂ ਗੋਦ ਲਏ ਗਏ ਇਨ੍ਹਾਂ ਬੱਚਿਆਂ ਨੂੰ ਕਿਤਾਬਾਂ ਦੇ ਕੇ ਸਨਮਾਨਤ ਕੀਤਾ ਗਿਆ |

ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਐੱਸ.ਐੱਸ. ਪੀ ਦੀਪਕ ਪਾਰਿਕ ਅਤੇ ਇਨਕਮ ਟੈਕਸ ਦੇ ਕਮਿਸ਼ਨਰ ਵਿਕਰਮ ਗੌੜ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਦੀ ਮਦਦ ਕਰਕੇ ਉਨ੍ਹਾਂ ਨੂੰ ਸਿੱਖਿਆ ਨਾਲ ਜੋੜਨਾ ਚਾਹੀਦਾ | ਉਨ੍ਹਾਂ ਕਿਹਾ ਕਿ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੋਸਾਇਟੀ ਵਲੋਂ ਇਨ੍ਹਾਂ ਲੋੜਵੰਦ ਬੱਚਿਆਂ ਨੂੰ ਗੋਦ ਲੈ ਕੇ ਅਤੇ ਉਨ੍ਹਾਂ ਨੂੰ ਸੀ.ਏ. ਦੀ ਪੜ੍ਹਾਈ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ |

ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ

ਇਸ ਮੌਕੇ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੋਸਾਇਟੀ ਵੱਲੋਂ ਵਾਤਾਵਰਨ ਨੂੰ ਹਰਾ ਭਰਾ ਬਣਾਉਣ ਲਈ ਮਾਡਲ ਟਾਊਨ ਵਿਖੇ ਇਕ ਪਾਰਕ ਵਿੱਚ ਵੱਖ ਵੱਖ ਪ੍ਰਕਾਰ ਦੇ ਰੁੱਖ ਵੀ ਲਗਾਏ ਗਏ | ਉੱਥੇ ਹੀ ਅਜੇ ਅਲੀਪੁਰੀਆ ਵੱਲੋਂ ਆਏ ਹੋਏ ਸਾਰੀਆਂ ਹੀ ਮਹਾਨ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਵਰਗਵਾਸੀ ਮਾਂ ਦੀ ਯਾਦ ਵਿੱਚ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਦਾ ਗਠਨ ਕੀਤਾ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸ ਸੁਸਾਇਟੀ ਦੇ ਜ਼ਰੀਏ ਲੋੜਵੰਦ ਅਤੇ ਗ਼ਰੀਬ ਬੱਚਿਆਂ ਦੀ ਮਦਦ ਲਈ ਕਈ ਹੋਰ ਅਨੇਕਾਂ ਉਪਰਾਲੇ ਕਰਨਗੇ ਤਾਂ ਜੋ ਪੜ੍ਹਾਈ ਵਿੱਚ ਹੁਸ਼ਿਆਰ ਬੱਚੇ ਉੱਚ ਪੱਧਰੀ ਵਿੱਦਿਆ ਹਾਸਲ ਕਰਨ ਤੋਂ ਵਾਂਝੇ ਨਾ ਰਹਿ ਸਕਣ |