Vijay Kumar Janjua

ਮੁੱਖ ਸਕੱਤਰ ਜੰਜੂਆ ਨੇ ਪਿੰਡ ਖੇੜੀ ਵਿਖੇ ਖੇਤੀ ਮਸ਼ੀਨਰੀ ਨਾਲ ਪਰਾਲੀ ਨੂੰ ਖੇਤਾਂ ‘ਚ ਰਲਾਉਣ ਤੇ ਕਣਕ ਦੀ ਸਿੱਧੀ ਬਿਜਾਈ ਦਾ ਲਿਆ ਜਾਇਜ਼ਾ

ਰੂਪਨਗਰ 07 ਨਵੰਬਰ 2022 (ਹਰੀਸ਼ ਕਾਲੜਾ) :ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ (Vijay Kumar Janjua) ਨੇ ਪਿੰਡ ਖੇੜੀ ਵਿਖੇ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਨਾਲ ਪਰਾਲੀ ਨੂੰ ਖੇਤਾਂ ਵਿੱਚ ਰਲਾਉਣ ਅਤੇ ਕਣਕ ਦੀ ਸਿੱਧੀ ਬਿਜਾਈ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਤੇ ਬੂਟੇ ਦੇ ਕੇ ਸਨਮਾਨਿਤ ਵੀ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਪੁਰਖਾਲੀ ਤੇ ਖੇੜੀ ਵਿਚ ਕਿਸੇ ਨੇ ਵੀ ਪਰਾਲੀ ਨੂੰ ਅੱਗ ਨਹੀਂ ਲਾਈ। ਇਸ ਮੌਕੇ ਪ੍ਰਮੁੱਖ ਸਕੱਤਰ ਸਾਇੰਸ ਤੇ ਟੈਕਨੋਲੋਜੀ ਰਾਹੁਲ ਤਿਵਾੜੀ ਵੀ ਉਹਨਾਂ ਦੇ ਨਾਲ ਮੌਜੂਦ ਸਨ।

ਖੇਤੀ ਮਸ਼ੀਨਰੀ ਦੀ ਵਰਤੋਂ ਉਪਰੰਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਪਰਾਲੀ ਦਾ ਮਸਲਾ ਬਹੁਤ ਅਹਿਮ ਹੈ। ਇਸ ਬਾਬਤ ਲਗਾਤਰ ਕੇਂਦਰੀ ਪੱਧਰ ਉੱਤੇ ਵੀ ਮੀਟਿੰਗਾਂ ਹੋ ਰਹੀਆਂ ਹਨ। ਸਰਕਾਰ ਵੱਲੋਂ ਕਰੀਬ 1500 ਕਰੋੜ ਦੀ ਲਾਗਤ ਨਾਲ ਸਵਾ ਲੱਖ ਦੇ ਕਰੀਬ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਗਈਆਂ ਹਨ ਪਰ ਕੇਂਦਰੀ ਪੱਧਰ ਉੱਤੇ ਇਹ ਗੱਲ ਉੱਠਦੀ ਹੈ ਕਿ ਮਸ਼ੀਨਾਂ ਦੀ ਢੁਕਵੀਂ ਵਰਤੋਂ ਨਹੀਂ ਹੋ ਰਹੀ।

ਉਹਨਾਂ ਨੇ ਮਸ਼ੀਨਾਂ ਦੀ ਵਰਤੋਂ ਸਬੰਧੀ ਅੱਜ ਖ਼ੁਦ ਤਜਰਬਾ ਲਿਆ ਹੈ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਹੈ। ਅਗਲੀ ਉੱਚ ਪੱਧਰੀ ਮੀਟਿੰਗ ਵਿੱਚ ਅੱਜ ਦਾ ਤਜਰਬਾ ਸਾਂਝਾ ਕੀਤਾ ਜਾਵੇਗਾ। ਇਹ ਦਸਿਆ ਜਾਵੇਗਾ ਕਿ ਇਸ ਸਾਰੀ ਪ੍ਰਕਿਰਿਆ ਵਿਚ ਖਰਚਾ ਕਾਫੀ ਹੈ। ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਝੋਨੇ ਹੇਠੋਂ ਰਕਬਾ ਘਟਾ ਕੇ ਦਾਲਾਂ ਹੇਠ ਲਿਆਂਦਾ ਜਾਵੇਗਾ। ਇਸ ਮੁਸ਼ਕਲ ਦਾ ਪੱਕਾ ਹੱਲ ਕੱਢਿਆ ਜਾਵੇਗਾ। ਕੌਮੀ ਪੱਧਰ ਉੱਤੇ ਸਾਰੇ ਹਾਲਾਤ ਬਿਆਨ ਕੀਤੇ ਜਾਣਗੇ ਤਾਂ ਜੋ ਪੰਜਾਬ ਦੇ ਅਕਸ ਨੂੰ ਕਿਸੇ ਵੀ ਹਾਲ ਢਾਹ ਨਾ ਲੱਗੇ। ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਦੀ ਮਸ਼ੀਨਾਂ ਦੀ ਲੋੜ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਖ਼ਾਸ ਕਰ ਕੇ ਬੇਲਰ ਮੁਹਈਆ ਕਰਵਾਉਣ ਵੱਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਪਰਾਲੀ ਦੀ ਮੁਸ਼ਕਲ ਦਾ ਹਰ ਹਾਲ ਹੱਲ ਕੱਢਿਆ ਜਾਵੇਗਾ।

ਪ੍ਰਮੁੱਖ ਸਕੱਤਰ ਸਾਇੰਸ ਤੇ ਟੈਕਨੋਲੋਜੀ, ਰਾਹੁਲ ਤਿਵਾੜੀ ਨੇ ਕਿਹਾ ਕਿ ਮੁੱਖ ਸਕੱਤਰ ਨੇ ਖ਼ੁਦ ਖੇਤਾਂ ਵਿੱਚ ਆਕੇ ਮਸ਼ੀਨਰੀ ਦੀ ਵਰਤੋਂ ਨੂੰ ਦੇਖਿਆ ਹੈ। ਜਿਹੜਾ ਕਿ ਅਪਣੇ ਆਪ ਵਿਚ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਹੈ, ਜਿਸ ਦੇ ਸਾਰਥਕ ਸਿੱਟੇ ਨਿਕਲਣਗੇ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੁੱਖ ਸਕੱਤਰ ਨੇ ਫੀਲਡ ਵਿੱਚ ਆ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ, ਜਿਸ ਨਾਲ ਪਰਾਲੀ ਦੀ ਸੰਭਾਲ ਬਾਬਤ ਵੱਡੇ ਹੱਲ ਨਿਕਲਣਗੇ।

ਇਸ ਮੌਕੇ ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਮੁੱਖ ਸਕੱਤਰ ਨੂੰ ਦਸੀਆਂ ਜਿਨ੍ਹਾਂ ਦੇ ਹੱਲ ਦਾ ਮੁੱਖ ਸਕੱਤਰ ਨੇ ਭਰੋਸਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮੁੱਖ ਸਕੱਤਰ ਤੇ ਪ੍ਰਮੁੱਖ ਸਕੱਤਰ ਸਾਇੰਸ ਤੇ ਟੈਕਨੋਲੋਜੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਐਸਐਸਪੀ ਡਾ. ਸੰਦੀਪ ਗਰਗ, ਵਧੀਕ ਡਿਪਟੀ ਕਮਿਸ਼ਨਰ (ਵ) ਸ. ਦਮਨਜੀਤ ਸਿੰਘ ਮਾਨ, ਐਸ ਡੀ ਐਮ ਰੂਪਨਗਰ ਸ. ਹਰਬੰਸ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਲਾਲ ਚੋਪੜਾ, ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸ਼੍ਰੀਮਤੀ ਕੰਵਲਦੀਪ ਕੌਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Scroll to Top