Site icon TheUnmute.com

ਮੁੱਖ ਸਕੱਤਰ ਅਨੁਰਾਗ ਵਰਮਾ ਨੇ ਆਪਣੇ ਪਿਓ ਦੀ ਯਾਦ ‘ਚ ਸਕੂਲ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

Anurag Verma

ਚੰਡੀਗੜ੍ਹ/ਪਟਿਆਲਾ, 07 ਸਤੰਬਰ 2024: ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ (Anurag Verma) ਅੱਜ ਆਪਣੇ ਜੱਦੀ ਪਿੰਡ ਚਲੈਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਆਪਣੇ ਪਿਤਾ ਸਵਰਗੀ ਪ੍ਰੋ. ਬੀ.ਸੀ. ਵਰਮਾ ਦੀ ਯਾਦ ‘ਚ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਤਕਸੀਮ ਕਰਨ ਪਹੁੰਚੇ | ਇਸ ਮੌਕੇ ਮੁੱਖ ਸਕੱਤਰ ਦੀ ਘਰਵਾਲੀ ਨਵਦੀਪ ਵਰਮਾ ਤੇ ਸਪੁੱਤਰ ਆਯਾਨ ਵਰਮਾ ਵੀ ਮੌਜੂਦ ਸਨ |

ਇਸ ਦੌਰਾਨ ਮੁੱਖ ਸਕੱਤਰ ਨੇ ਕਿਹਾ ਕਿ ਪੜ੍ਹਾਈ ਹੀ ਇੱਕ ਮਾਤਰ ਅਜਿਹਾ ਸਾਧਨ ਹੈ, ਜੋ ਪਿੰਡ-ਸ਼ਹਿਰ, ਗਰੀਬੀ-ਅਮੀਰੀ, ਲਿੰਗ ਭੇਦ ਤੇ ਜਾਤ-ਪਾਤ ਦਾ ਪਾੜਾ ਖ਼ਤਮ ਕਰ ਸਕਦਾ ਹੈ। ਮੁੱਖ ਸਕੱਤਰ ਵਰਮਾ ਨੇ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਲਈ ਕਾਮਰਸ ਸਟਰੀਮ ਦੀ ਸ਼ੁਰੂਆਤ ਵੀ ਕਰਵਾਈ ।

ਮੁੱਖ ਸਕੱਤਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਵਿੱਦਿਆ ਦੀ ਅਹਿਮੀਅਤ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਵਿੱਦਿਆ ਕਰਕੇ ਹੀ ਇੱਕ ਪਰਿਵਾਰ ਦੀਆਂ ਦੋ ਪੀੜ੍ਹੀਆਂ ‘ਚ ਵੱਡੀ ਤਬਦੀਲੀ ਆਈ ਹੈ।

ਅਨੁਰਾਗ ਵਰਮਾ (Anurag Verma) ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇਣ ਤਾਂ ਕੋਈ ਵੀ ਵਿਦਿਆਰਥੀ ਪਿੰਡ ਚਲੈਲਾ ਤੋਂ ਚੱਲਕੇ ਤੇ ਵੱਡੀਆਂ ਪੁਲਾਂਘਾ ਮਾਰਕੇ ਕਿਸੇ ਵੀ ਉਚ ਅਹੁਦੇ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਤੁਹਾਡੀ ਪਹੁੰਚ ਦੀ ਕੋਈ ਸੀਮਾ ਨਹੀਂ ਹੋਵੇਗੀ ਅਤੇ ਤੁਹਾਡੀ ਕੀਤੀ ਮਿਹਨਤ ‘ਤੇ ਰੱਬ ਵੀ ਜਰੂਰ ਆਪਣੀ ਬਖ਼ਸ਼ਿਸ਼ ਕਰੇਗਾ।

ਇਸ ਮੌਕੇ ਅਨੁਰਾਗ ਵਰਮਾ ਨੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਪਟਵਾਰੀ ਸਨ ਤੇ ਉਹ ਕਾਨੂੰਗੋ ਬਣੇ, ਉਨ੍ਹਾਂ ਦੇ ਪਿਓ ਪ੍ਰੋ. ਬੀ.ਸੀ. ਵਰਮਾ ਪਿੰਡ ਦੇ ਸਕੂਲ ‘ਚ ਪੰਜਵੀਂ ਤੱਕ ਪੜ੍ਹਕੇ ਅਗਲੇਰੀ ਪੜ੍ਹਾਈ ਪਟਿਆਲਾ ਤੋਂ ਕਰਕੇ ਕੈਮਿਸਟਰੀ ਦੇ ਪ੍ਰੋਫੈਸਰ ਬਣੇ ਤੇ ਫਿਰ ਕਾਲਜ ਪ੍ਰਿੰਸੀਪਲ ਵੀ ਰਹੇ | ਉਨ੍ਹਾਂ ਦੇ ਮਾਤਾ ਜੀ ਵੀ ਅੰਗਰੇਜੀ ਦੇ ਅਧਿਆਪਕ ਤੇ ਪ੍ਰਿੰਸੀਪਲ ਬਣੇ। ਅਨੁਰਾਗ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਦੀ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੀ ਸੋਚ ਸਦਕਾ ਅਤੇ ਪਰਮਾਤਮਾ ਦੀ ਕਿਰਪਾ ਨਾਲ ਉਹ ਉੱਚ ਵਿੱਦਿਆ ਹਾਸਲ ਕਰਕੇ ਅੱਜ ਮੁੱਖ ਸਕੱਤਰ ਦੇ ਅਹੁਦੇ ‘ਤੇ ਪੁੱਜੇ ਹਨ।

ਅਨੁਰਾਗ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪ੍ਰੋ. ਬੀ.ਸੀ. ਵਰਮਾ ਚਲੈਲਾ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਮੁਤਾਬਕ ਵਰਦੀਆਂ ਅਤੇ ਜ਼ਰੂਰੀ ਵਸਤਾਂ ਦਿੰਦੇ ਰਹਿੰਦੇ ਸਨ। ਹੁਣ ਉਨ੍ਹਾਂ ਨੇ ਉਸੇ ਰਵਾਇਤ ਨੂੰ ਅੱਗੇ ਤੋਰਦਿਆਂ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਲੋੜਵੰਦ ਵਿਦਿਆਰਥੀਆਂ ਲਈ ਵਰਦੀਆਂ, ਬੈਗ ਤੇ ਪੁਸਤਕਾਂ ਦੇਣ ਦਾ ਯਤਨ ਕੀਤਾ ਹੈ।

ਅਨੁਰਾਗ ਵਰਮਾ ਨੇ ਪਿੰਡ ਵਾਸੀਆਂ ਦੀ ਮੰਗ ‘ਤੇ ਪਿੰਡ ਦੇ ਸਟੇਡੀਅਮ ਅਤੇ ਲਾਇਬ੍ਰੇਰੀ ਲਈ ਡਿਪਟੀ ਕਮਿਸ਼ਨਰ ਨੂੰ ਲੋੜੀਂਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ । ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ, ਇਸ ਲਈ ਸੂਬੇ ਦੇ ਪਿੰਡਾਂ ‘ਚ ਸਟੇਡੀਅਮ ਅਤੇ ਲਾਇਬ੍ਰੇਰੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।

ਮੁੱਖ ਸਕੱਤਰ ਅਨੁਰਾਗ ਵਰਮਾ ਨੇ ਆਪਣੇ ਪਰਿਵਾਰ ਨਾਲ ਆਪਣੀ ਜੱਦੀ ਹਵੇਲੀ ਵੀ ਦੇਖੀ ਅਤੇ ਭਾਵੁਕਤਾ ਨਾਲ ਪੁਰਾਣੀਆਂ ਯਾਦਾਂ ਤਾਜਾ ਕਰਦਿਆਂ ਪਿੰਡ ਦੇ ਬਜ਼ੁਰਗਾਂ ਦਾ ਅਸ਼ੀਰਵਾਦ ਵੀ ਲਿਆ। ਪਿੰਡ ਵਾਸੀਆਂ, ਪੰਚਾਇਤ, ਸਕੂਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਸਕੱਤਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

Exit mobile version