Site icon TheUnmute.com

ਮੁੱਖ ਮੰਤਰੀ ਮਾਨ ਮੱਕੀ ਦੀ ਸਰਕਾਰੀ ਏਜੰਸੀਆਂ ਵੱਲੋਂ MSP ’ਤੇ ਖਰੀਦ ਦਾ ਆਪਣਾ ਵਾਅਦਾ ਪੁਗਾਉਣ: ਸੁਖਬੀਰ ਬਾਦਲ

MSP

ਚੰਡੀਗੜ੍ਹ, 16 ਜੂਨ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਵਾਅਦੇ ਅਨੁਸਾਰ ਪੰਜਾਬ ਦੀਆਂ ਸਰਕਾਰੀ ਏਜੰਸੀਆਂ ਮੱਕੀ ’ਤੇ ਘੱਟੋ ਘੱਟ ਸਮਰਥਨ ਮੁੱਲ (MSP) 2090 ਰੁਪਏ ਪ੍ਰਤੀ ਕੁਇੰਟਲ ਦੀ ਦਰ’ਤੇ ਖਰੀਦ ਕਰਨ ਤਾਂ ਜੋ ਕਿਸਾਨਾਂ ਨੂੰ ਘੱਟ ਰੇਟ ’ਤੇ ਜਿਣਸ ਵੇਚਣ ਤੋਂ ਬਚਾਇਆ ਜਾ ਸਕੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਨੇ ਮੁੱਖ ਮੰਤਰੀ ਦੇ ਐਲਾਨ ’ਤੇ ਭਰੋਸਾ ਕੀਤਾ ਕਿ ਮੱਕੀ ਦੀ ਐਮ ਐਸ ਪੀ ’ਤੇ ਖਰੀਦ ਕੀਤੀ ਜਾਵੇਗੀ ਪਰ ਹੁਣ ਇਹੀ ਕਿਸਾਨ ਮੁਸ਼ਕਿਲ ਵਿਚ ਫਸ ਗਏ ਹਨ ਕਿਉਂਕਿ ਜਿਣਸ ਖਰੀਦਣ ਵਾਲਾ ਕੋਈ ਨਹੀਂ ਹੈ ਜਿਸ ਕਾਰਨ ਕਿਸਾਨ ਪ੍ਰਾਈਵੇਟ ਵਪਾਰੀਆਂ ਨੂੰ 500 ਤੋਂ 600 ਰੁਪਏ ਪ੍ਰਤੀ ਕੁਇੰਟਲ ਦੀ ਦਰ ’ਤੇ ਮੱਕੀ ਵੇਚਣ ਲਈ ਮਜਬੂਰ ਹਨ।

ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਮੱਕੀ ਦੀ ਸਮੁੱਚੀ ਫਸਲ ਤੁਰੰਤ ਐਮ ਐਸ ਪੀ (MSP) ’ਤੇ ਖਰੀਦੀ ਜਾਵੇ ਅਤੇ ਕਿਹਾ ਕਿ ਅਜਿਹਾ ਕਰਨ ਵਿਚ ਸਰਕਾਰ ਦੇ ਅਸਫਲ ਰਹਿਣ ਕਾਰਨ ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਦੇ ਯਤਨਾਂ ਨੂੰ ਡੂੰਘੀ ਸੱਟ ਵੱਜੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਬਹੁਤ ਚਾਵਾਂ ਨਾਲ ਐਲਾਨ ਕੀਤਾ ਸੀ ਕਿ ਮੱਕੀ, ਸੂਰਜਮੁਖੀ ਅਤੇ ਦਾਲਾਂ ਦੀ ਖਰੀਦ ਐਮ ਐਸ ਪੀ ’ਤੇ ਕੀਤੀ ਜਾਵੇਗੀ ਜਿਸ ਮਗਰੋਂ ਕਿਸਾਨਾਂ ਨੇ ਇਹਨਾਂ ਫਸਲਾਂ ਅਧੀਨ ਰਕਬਾ ਵਧਾ ਦਿੱਤਾ। ਉਹਨਾਂ ਕਿਹਾ ਕਿ ਹੁਣ ਜਦੋਂ ਜਿਣਸ ਖਰੀਦਣ ਦਾ ਵੇਲਾ ਆਇਆ ਹੈ ਤਾਂ ਆਪ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।

ਬਾਦਲ ਨੇ ਮੰਗ ਕੀਤੀ ਕਿ ਮੱਕੀ ਦੀ ਐਮ ਐਸ ਪੀ ’ਤੇ ਖਰੀਦ ਕਰਨ ਤੋਂ ਇਲਾਵਾ ਸਰਕਾਰ ਜਿਹੜੇ ਕਿਸਾਨਾਂ ਨੇ ਜਿਣਸ ਘੱਟ ਰੇਟ ’ਤੇ ਪ੍ਰਾਈਵੇਟ ਵਪਾਰੀਆਂ ਨੂੰ ਵੇਚੀ ਹੈ, ਉਹਨਾਂ ਨੂੰ ਨੁਕਸਾਨ ਦਾ ਮੁਆਵਜ਼ਾ ਦੇਵੇ। ਉਹਨਾਂ ਕਿਹਾ ਕਿ ਸਰਕਾਰ ਨੂੰ ਮੁਆਵਜ਼ਾ ਤੁਰੰਤ ਜਾਰੀ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੀ ਮੱਕੀ ਦੀ ਫਸਲ ਮੰਡੀਆਂ ਵਿਚ ਲਿਆਉਣ ਵਿਚ ਵੀ ਮਦਦ ਕਰੇ। ਉਹਨਾਂ ਕਿਹਾ ਕਿ ਮੰਡੀਆਂ ਵਿਚ ਫਸਲ ਸੁਕਾਉਣ ਲਈ ਲੋੜੀਂਦੇ ਡ੍ਰਾਇਰ ਪ੍ਰਦਾਨ ਕੀਤੇ ਜਾਣ ਅਤੇ ਸਾਫ ਸਫਾਈ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇ।

Exit mobile version