Site icon TheUnmute.com

‘ਆਪ’ MP ਸੰਦੀਪ ਪਾਠਕ ਵੱਲੋਂ ਹਰਿਆਣਾ ਲਈ SYL ਦਾ ਪਾਣੀ ਮੰਗਣ ਦੇ ਮਾਮਲੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਮੁੱਖ ਮੰਤਰੀ: ਸ਼੍ਰੋਮਣੀ ਅਕਾਲੀ ਦਲ

SYL

ਚੰਡੀਗੜ੍ਹ, 18 ਅਕਤੂਬਰ 2023: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਆਪਣੇ ਹੀ ਰਾਜ ਸਭਾ ਐਮ ਪੀ ਸੰਦੀਪ ਪਾਠਕ ਵੱਲੋਂ ਹਰਿਆਣਾ ਲਈ ਐਸ ਵਾਈ ਐਲ (SYL) ਦਾ ਪਾਣੀ ਮੰਗਣ ਦੇ ਮਾਮਲੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਤੇ ਪਾਰਟੀ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਐਸ ਵਾਈ ਐਲ ਨਹਿਰ ਦੇ ਮਾਮਲੇ ’ਤੇ ਵਿਰੋਧੀ ਪਾਰਟੀਆਂ ਨੂੰ ਬਹਿਸ ਲਈ ਸੱਦਣ ਤੋਂ ਪਹਿਲਾਂ ਆਪ ਦੀ ਹਰਿਆਣਾ ਇਕਾਈ ਨਾਲ ਬਹਿਸ ਕਰਨ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਪੰਜਾਬ ਦੇ ਮੰਤਰੀਆਂ ਲਈ ਬਣੀਆਂ ਕੋਠੀਆਂ ਵਿਚੋਂ ਕੋਠੀ ਨੰਬਰ 964 ਹਰਿਆਣਾ ਇਕਾਈ ਨੂੰ ਪ੍ਰਦਾਨ ਕੀਤੀ ਤਾਂ ਜੋ ਉਹ ਐਸ ਵਾਈ ਐਲ ਨਹਿਰ ਦੀ ਉਸਾਰੀ ਤੇ ਹਰਿਆਣਾ ਵਾਸਤੇ ਪਾਣੀ ਦੀ ਸਪਲਾਈ ਦੀ ਮੰਗ ਕਰ ਸਕੇ ਤੇ ਹੁਣ ਉਹ ਪੰਜਾਬ ਦੇ ਰਾਜ ਸਭਾ ਐਮ ਪੀ ਸੰਦੀਪ ਪਾਠਕ ਦੇ ਬਿਆਨ ’ਤੇ ਚੁੱਪੀ ਧਾਰ ਕੇ ਬੈਠੇ ਹਨ ਜਿਹਨਾਂ ਨੇ ਕਿਹਾ ਹੈ ਕਿ ਹਰਿਆਣਾ ਨੂੰ ਐਸ ਵਾਈ ਐਲ ਦਾ ਪਾਣੀ ਮਿਲਣਾ ਚਾਹੀਦਾ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਪੰਜਾਬ ਦਾ ਰਾਜ ਸਭਾ ਮੈਂਬਰ ਹਰਿਆਣਾ ਵਾਸਤੇ ਐਸ ਵਾਈ ਐਲ ਦਾ ਪਾਣੀ ਕਿਵੇਂ ਮੰਗ ਸਕਦਾ ਹੈ ਤੇ ਉਹ ਇਸ ਮਾਮਲੇ ’ਤੇ ਚੁੱਪ ਕਿਉਂ ਹਨ ?

ਐਡਵੋਕੇਟ ਕਲੇਰ ਨੇ ਕਿਹਾ ਕਿ ਭਗਵੰਤ ਮਾਨ ਨੂੰ ਐਮ ਪੀ ਨੂੰ ਤੁਰੰਤ ਪਾਰਟੀ ਵਿਚੋਂ ਸਸਪੈਂਡ ਕਰਨ ਅਤੇ ਉਹਨਾਂ ਦਾ ਕੇਸ ਰਾਜ ਸਭਾ ਕੋਲ ਪਹਿਲਾਂ ਸਸਪੈਂਡ ਕਰਨ ਤੇ ਫਿਰ ਉਹਨਾਂ ਵੱਲੋਂ ਦੇਸ਼ ਵਿਚ ਪੰਜਾਬ ਦੇ ਹੱਕਾਂ ਦਾ ਵਿਰੋਧ ਕਰਨ ਲਈ ਉਹਨਾਂ ਦੀ ਸੀਟ ਖਾਲੀ ਐਲਾਨਣ ਵਾਸਤੇ ਲਿਖਣਾ ਚਾਹੀਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਐਸ ਵਾਈ ਐਲ ਅਤੇ ਗੈਰ ਕਾਨੂੰਨੀ ਤੌਰ ’ਤੇ ਸੱਦੇ ਵਿਧਾਨ ਸਭਾ ਦੇ ਸੈਸ਼ਨ ਬਾਰੇ ਡਰਾਮੇਬਾਜ਼ੀ ਕਰ ਰਹੇ ਹਨ ਜਦੋਂ ਕਿ ਇਹਨਾਂ ਦਾ ਕੋਈ ਹਾਂ ਪੱਖੀ ਨਤੀਜਾ ਨਹੀਂ ਨਿਕਲਣ ਵਾਲਾ।

ਉਹਨਾਂ ਕਿਹਾ ਕਿ ਬਜਾਏ ਵਿਰੋਧੀ ਧਿਰਾਂ ਨੂੰ ਚੁਣੌਤੀ ਦੇਣ ਦੇ ਭਗਵੰਤ ਮਾਨ ਨੂੰ ਐਸ ਵਾਈ ਐਲ (SYL) ਦੇ ਮਾਮਲੇ ’ਤੇ ਆਪ ਦੀ ਹਰਿਆਣਾ ਇਕਾਈ ਨਾਲ ਬਹਿਸ ਕਰਨੀ ਚਾਹੀਦੀ ਹੈ ਤੇ ਪੰਜਾਬੀ ਇਹ ਵੇਖਣਾ ਚਾਹੁੰਦੇ ਹਨ ਕਿ ਉਹ ਐਸਵਾਈ ਐਲ ਦੇ ਮਾਮਲੇ ’ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਿਵੇਂ ਕਰਦੇ ਹਨ ਜਾਂ ਫਿਰ ਸੂਬੇ ਦੇ ਹਿੱਤਾਂ ਨੂੰ ਉਸੇ ਤਰੀਕੇ ਸਰੰਡਰ ਕਰ ਦੇਣਗੇ ਜਿਵੇਂ ਸੁਪਰੀਮ ਕੋਰਟ ਵਿਚ ਕੀਤਾ ਹੈ।

ਐਡਵੋਕੇਟ ਕਲੇਰ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਚੇਤੇ ਰੱਖਣ ਕਿ ਅਕਾਲੀ ਦਲ ਤੇ ਪੰਜਾਬੀ ਕਦੇ ਵੀ ਪੰਜਾਬ ਵਿਚ ਐਸ ਵਾਈ ਐਲ ਦੀ ਉਸਾਰੀ ਨਹੀਂ ਕਰਨ ਦੇਣਗੇ ਤੇ ਇਸ ਲਈ ਉਹ ਆਪਣੇ ਆਕਾ ਅਰਵਿੰਦ ਕੇਜਰੀਵਾਲ ਤੇ ਹਰਿਆਣਾ ਦੀ ਆਪ ਇਕਾਈ ਨੂੰ ਦੱਸ ਦੇਣ ਕਿ ਉਹ ਐਸ ਵਾਈ ਐਲ ਨਹਿਰ ਨੂੰ ਭੁੱਲ ਜਾਣ ਕਿਉਂਕਿ ਪੰਜਾਬ ਕੋਲ ਦੇਣ ਵਾਸਤੇ ਇਕ ਵੀ ਬੂੰਦ ਪਾਣੀ ਫਾਲਤੂ ਨਹੀਂ ਹੈ।

 

Exit mobile version