Charanjit Singh Channi

ਐਗਜ਼ਿਟ ਪੋਲ ਰਿਪੋਰਟ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਰਿਜ਼ਲਟ ਹੀ ਦੱਸੇਗਾ

ਪੰਜਾਬ ਵਿਧਾਨ ਸਭਾ ਚੋਣਾਂ ਦੀ ਐਗਜ਼ਿਟ ਪੋਲ ਰਿਪੋਰਟ ਨੂੰ ਲੈ ਕੇ ਬੋਲਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi ) ਨੇ ਕਿਹਾ ਕਿ ਇਹ ਤਾਂ ਰਿਜ਼ਲਟ ਹੀ ਦੱਸੇਗਾ ਤੇ ਚੋਣ ਨਤੀਜਿਆਂ ਦੀ ਉਡੀਕ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਚੰਨੀ ਅੱਜ ਦਿੱਲੀ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਗਏ ਸਨ।

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਏ ਵੱਖ-ਵੱਖ ਐਗਜ਼ਿਟ ਪੋਲ ’ਚ ਆਮ ਆਦਮੀ ਪਾਰਟੀ (Aam Admi Party) ਨੂੰ ਬਹੁਮਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਐਗਜ਼ਿਟ ਪੋਲ ਰਿਪੋਰਟ ਅਨੁਸਾਰ ਆਮ ਆਦਮੀ ਪਾਰਟੀ ਨੂੰ 76 ਤੋਂ 90 ਸੀਟਾਂ, ਜਦਕਿ ਕਾਂਗਰਸ ਨੂੰ 19 ਤੋਂ 31 ਸੀਟਾਂ, ਸ਼੍ਰੋਮਣੀ ਅਕਾਲੀ ਦਲ ਨੂੰ 7 ਤੋਂ 11 ਸੀਟਾਂ ਤੇ ਭਾਜਪਾ ਨੂੰ 1 ਤੋਂ 4 ਸੀਟਾਂ ਹਾਸਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ (CM Channi) ਨੇ ਦੱਸਿਆ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਤੇ ਯੂਕ੍ਰੇਨ ’ਚ ਫਸੇ ਪੰਜਾਬੀਆਂ ਨੂੰ ਲੈ ਕੇ ਗੱਲਬਾਤ ਕੀਤੀ। ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਅਮਿਤ ਸ਼ਾਹ (Amit Shah) ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਜੇ ਕਈ ਮੰਤਰੀ ਇਥੇ ਨਹੀਂ ਹਨ ਤੇ ਬਹੁਤ ਜਲਦ ਉਹ ਮੰਤਰੀਆਂ ਨਾਲ ਇਸ ਨੂੰ ਲੈ ਕੇ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜਿਵੇਂ ਪੰਜਾਬ ਚਾਹੁੰਦਾ ਹੈ, ਉਸੇ ਤਰ੍ਹਾਂ ਹੀ ਕਰਾਂਗੇ।

ਮੁੱਖ ਮੰਤਰੀ ਚੰਨੀ (CM Channi) ਨੇ ਕਿਹਾ ਕਿ ਪੰਜਾਬ ਦੇ 997 ਵਿਦਿਆਰਥੀ ਉਥੇ ਫਸੇ ਹੋਏ ਸਨ, ਜਿਨ੍ਹਾਂ ’ਚੋਂ 420 ਵਤਨ ਪਰਤ ਆਏ ਹਨ। 200 ਵਿਦਿਆਰਥੀ ਪੋਲੈਂਡ ’ਚ ਪਹੁੰਚ ਗਏ ਹਨ, ਜੋ ਉਥੇ ਸੁਰੱਖਿਅਤ ਹਨ। ਅਮਿਤ ਸ਼ਾਹ ਨੇ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਉਥੇ ਫਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣਗੇ।

Scroll to Top