ਅੰਮ੍ਰਿਤਸਰ 22 ਅਕਤੂਬਰ 2022: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਹਨ ਤੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਮੱਥਾ ਟੇਕਿਆ । ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੀ ਗੁਰੂ ਨਗਰੀ ਪਹੁੰਚੇ। ਅਗਲੇ ਸਾਲ ਮਾਰਚ ਮਹੀਨੇ ਅੰਮ੍ਰਿਤਸਰ ‘ਚ ਜੀ-20 ਕਾਨਫਰੰਸ (G-20 Conference) ਹੋਣ ਜਾ ਰਹੀ ਹੈ ਜਿਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਅਧਿਕਾਰੀਆਂ ਨਾਲ ਬੈਠਕ ਕਰਨਗੇ। ਮਿੰਨੀ ਸਕੱਤਰੇਤ ਸਥਿਤ ਮੀਟਿੰਗ ਹਾਲ ‘ਚ ਇਹ ਬੈਠਕ ਹੋਵੇਗੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਣਗੇ । ਬੈਠਕ ਲਈ ਭਗਵੰਤ ਮਾਨ ਮਿਨੀ ਸਕੱਤਰੇਤ ‘ਚ ਪਹੁੰਚ ਚੁੱਕੇ। ਥੋੜ੍ਹੀ ਦੇਰ ‘ਚ ਇਹ ਬੈਠਕ ਸ਼ੁਰੂ ਹੋਣ ਵਾਲੀ ਹੈ।
ਇਸਦੇ ਨਾਲ ਹੀ ਪ੍ਰੈੱਸ ਕਾਨਫਰੰਸ਼ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ 2023 ਵਿੱਚ ਹੋਣ ਵਾਲੇ ਇਸ ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਅੱਜ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਅਤੇ ਉਸ ਵਿੱਚ ਜੀ-20 ਮੀਟਿੰਗ ਵਿਚ ਪਹੁੰਚ ਰਹੇ ਵੱਖ ਵੱਖ ਦੇਸ਼ਾਂ ਦੇ ਡੈਲੀਗੇਟ ਜੋ ਕਿ ਅੰਮ੍ਰਿਤਸਰ ਪਹੁੰਚਣਗੇ ਅਤੇ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਜਲ੍ਹਿਆਂਵਾਲਾ ਬਾਗ ਵੀ ਜਾਣਗੇ |
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਆਪਣੀ ਮੇਜ਼ਬਾਨੀ ਲਈ ਵੀ ਜਾਣਿਆ ਜਾਂਦਾ ਹੈ ਅਤੇ ਅਸੀ ਮੇਜ਼ਬਾਨੀ ਲਈ ਤਿਆਰ ਹਾਂ | ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਬਾਰੇ ਦੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਕਿਵੇਂ ਵਧ ਸਕਦੀ ਹੈ ਇਸ ਬਾਰੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ |