ਸ੍ਰੀ ਮੁਕਤਸਰ ਸਾਹਿਬ, 26 ਅਪ੍ਰੈਲ 2024: ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ (Sri Muktsar Sahib) ਹਰਪ੍ਰੀਤ ਸਿੰਘ ਸੂਦਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਜੀਤ ਕੌਰ, ਪੀ.ਸੀ.ਐਸ. ਉਪ ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਵੱਲੋਂ ਸਬ ਡਿਵੀਜਨ, ਸ੍ਰੀ ਮੁਕਤਸਰ ਸਾਹਿਬ ਵਿਖੇ ਸਕੂਲ ਬੱਸਾਂ/ਵੈਨਾਂ ਦੀ ਚੈਕਿੰਗ ਲਈ ਗੁਰਵਿੰਦਰ ਸਿੰਘ ਵਿਰਕ, ਨਾਇਬ ਤਹਿਸੀਲਦਾਰ, ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਗਈ ਕਮੇਟੀ ਵੱਲੋਂ ਬੀਤੇ ਦਿਨੀਂ ਸਕੂਲ ਬੱਸਾਂ/ਵੈਨਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਕਰੀਬ 14 ਵਾਹਨਾਂ ਦੇ ਮੌਕੇ ’ਤੇ ਚਲਾਨ ਕੀਤੇ।
ਇਸ ਮੌਕੇ ਨਾਇਬ ਤਹਿਸੀਲਦਾਰ, ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵੱਲੋਂ ਦੱਸਿਆ ਗਿਆ ਕਿ ਸਕੂਲ ਬੱਸਾਂ/ਵੈਨਾਂ ਵਿੱਚ ਲੜਕੀਆਂ ਹੋਣ ਦੇ ਬਾਵਜੂਦ ਲੇਡੀ ਅਟੈਂਡੇਂਟ ਨਹੀਂ ਸੀ, ਦੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਜਿਹੜੀ ਬੱਸ ਦੇ ਡਰਾਇਵਰ ਕੋਲ ਡਰਾਈਵਿੰਗ ਲਾਇਸੰਸ ਨਹੀਂ ਸੀ ਜਾਂ ਜੋ ਸਰਕਾਰੀ ਨੰਬਰ ਪਲੇਟਾਂ ਤੋਂ ਬਿਨ੍ਹਾਂ ਆਪਣੇ ਵਾਹਨ ਚਲਾ ਰਹੇ ਸੀ, ਦੇ ਮੌਕੇ ’ਤੇ ਚਲਾਨ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਵੱਖ-ਵੱਖ ਸੜਕ ਹਾਦਸਿਆਂ ਵਿੱਚ ਰੋਜ਼ਾਨਾਂ ਕੀਮਤੀ ਜਾਨਾਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਜਿਆਦਾਤਰ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਉੱਥੇ ਧਿਆਨ ਕੇਂਦ੍ਰਿਤ ਕਰਕੇ ਰੋਕਿਆ ਜਾ ਸਕਦਾ ਹੈ ਜਾਂ ਇਨ੍ਹਾਂ ਹਾਦਸਿਆਂ ਦੀ ਗੰਭੀਰਤਾ ਨੂੰ ਘਟਾਇਆ ਜਾ ਸਕਦਾ ਹੈ। ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਸਕੂਲ ਪ੍ਰਬੰਧਕਾਂ ਅਤੇ ਬੱਸ ਚਾਲਕਾਂ ਨੂੰ ਅੱਗੇ ਤੋਂ ਸੇਫ ਸਕੂਲ ਵਾਹਨ ਸਕੀਮ ਦੇ ਮਾਪਦੰਡਾਂ ਨੂੰ ਪੂਰਾ ਕਰਨ ਉਪਰੰਤ ਹੀ ਬੱਸ ਚਲਾਉਣ ਦੀ ਅਪੀਲ ਕੀਤੀ ਗਈ। ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਸਕੂਲ ਬੱਸ ਜਾਂ ਹੋਰ ਵਹੀਕਲ ਵਿੱਚ ਬੱਚਿਆਂ ਨੂੰ ਬਿਠਾਉਣ ਤੋਂ ਪਹਿਲਾਂ ਨਿੱਜੀ ਤੌਰ ’ਤੇ ਤਸੱਲੀ ਕਰਕੇ ਯਕੀਨੀ ਬਣਾਉਣ ਕਿ ਉਹ ਵਹ੍ਹੀਕਲ ਚੱਲਣ ਦੇ ਯੋਗ ਹਾਲਤ ਵਿੱਚ ਹੈ।
ਇਸ ਮੌਕੇ ਨਾਇਬ ਤਹਿਸੀਲਾਦਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਦੀਆਂ ਬੱਸਾਂ/ਵੈਨਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਅਤੇ ਸਪੀਡ ਗਵਰਨਰ ਲੱਗਿਆ ਹੋਣਾ ਬਹੁਤ ਜਰੂਰੀ ਹੈ। ਸਕੂਲ ਬੱਸਾਂ/ਵੈਨਾਂ ਤੇ ਗੋਲਡਨ ਪੀਲਾ (Golden Yellow) ਰੰਗ ਕੀਤਾ ਹੋਣਾ ਲਾਜਮੀ ਹੈ। ਸਕੂਲ ਬੱਸਾਂ/ਵੈਨਾਂ ਉਪਰ ਸਕੂਲ ਦਾ ਨਾਮ ਅਤੇ ਡਰਾਇਵਰ ਦਾ ਮੋਬਾਇਲ ਨੰਬਰ ਲਿਖਿਆ ਹੋਣਾ ਚਾਹੀਦਾ ਹੈ। ਡਰਾਇਵਰ ਕੋਲ ਬੱਚਿਆਂ ਦੇ ਨਾਮ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਮ ਅਤੇ ਪਤੇ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ। ਸਕੂਲ ਬੱਸਾਂ/ਵੈਨਾਂ ਵਿੱਚ ਲੇਡੀ ਅਟੈਂਡੈਂਟ ਹੋਣੀ ਲਾਜਮੀ ਹੈ।
ਡਰਾਇਵਰ ਕੋਲ ਡਰਾਇਵਿੰਗ ਲਾਇਸੰਸ ਅਤੇ ਗੱਡੀ ਦਾ ਪ੍ਰਦੂਸ਼ਨ ਸਰਟੀਫਿਕੇਟ, ਡਰਾਇਵਰ ਦੀ ਪੁਲਿਸ ਵੈਰੀਫਿਕੇਸ਼ਨ ਸਮੇਤ ਸਾਰੇ ਦਸਤਾਵੇਜ਼ ਪੂਰੇ ਹੋਣੇ ਚਾਹੀਦੇ ਹਨ। ਡਰਾਇਵਰ ਦੇ ਮੁਕੰਮਲ ਵਰਦੀ ਪਹਿਨੀ ਹੋਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸੜਕ ਦੁਰਘਟਨਾਵਾਂ ਤੋਂ ਬਚਣ ਲਈ ਸਕੂਲ ਬੱਸਾਂ/ਵੈਨਾਂ ਵਿੱਚ ਅੱਗ ਬੁਝਾਊ ਯੰਤਰ, ਮੁੱਢਲੀ ਮੈਡੀਕਲ ਸਹਾਇਤਾ ਕਿੱਟ, ਵਿੰਡੋ ਗਰਿੱਲ, ਪੀਣ ਵਾਲਾ ਪਾਣੀ, ਜਰੂਰੀ ਦਵਾਈਆਂ ਆਦਿ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ।
ਇਸ ਮੌਕੇ ਉਨ੍ਹਾਂ ਵੱਲੋਂ ਟਰੈਫਿਕ ਪੁਲਿਸ ਨੂੰ ਪੰਜਾਬ ਸਰਕਾਰ ਦੇ ਟ੍ਰੈਫਿਕ ਨਿਯਮਾਂ ਨੂੰ ਤੁਰੰਤ ਲਾਗੂ ਕਰਨ ਦੇ ਹੁਕਮ ਦਿੱਤੇ ਅਤੇ ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਤੁਰੰਤ ਚਲਾਨ ਕੱਟਣ ਦੇ ਸਖਤ ਹੁਕਮ ਵੀ ਦਿੱਤੇ ਗਏ ਹਨ।
ਉਨ੍ਹਾਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਸਕੂਲ ਬੱਸਾਂ/ਵੈਨਾਂ ਨਾਲ ਸਬੰਧਤ ਸਾਰੀਆਂ ਜਰੂਰੀ ਲੋੜਾਂ ਪੂਰੀਆਂ ਕਰ ਲਈਆਂ ਜਾਣ। ਉਸ ਤੋਂ ਬਾਅਦ ਜੇਕਰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕਿਸੇ ਵੀ ਲਾਪਰਵਾਹੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਰਘਬੀਰ ਸਿੰਘ, ਟ੍ਰੈਫਿਕ ਇੰਚਾਰਜ, ਸ੍ਰੀ ਮੁਕਤਸਰ ਸਾਹਿਬ, ਸੌਰਵ ਚਾਵਲਾ, ਦਫਤਰ ਜਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀ ਮੁਕਤਸਰ ਸਾਹਿਬ, ਸੰਦੀਪ ਕੁਮਾਰ, ਦਫਤਰ, ਜਨਰਲ ਮੈਨੇਜਰ, ਪੰਜਾਬ ਰੋਡਵੇਜ਼ (ਟੈਕਨੀਕਲ ਵਿੰਗ), ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ, ਸੁਖਮਿੰਦਰ ਸਿੰਘ, ਦਫਤਰ ਉਪ ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ, ਹਰਬੰਸ ਸਿੰਘ, ਰੀਡਰ ਟੂ ਤਹਿਸੀਲਦਾਰ, ਸ੍ਰੀ ਮੁਕਤਸਰ ਸਾਹਿਬ ਅਤੇ ਸਬੰਧਤ ਪ੍ਰਾਈਵੇਟ ਸਕੂਲਾਂ ਦੇ ਮੁਖੀ ਹਾਜਰ ਸਨ।