Site icon TheUnmute.com

ਮੁੰਬਈ ਹਵਾਈ ਅੱਡੇ ‘ਤੇ ਚਾਰਟਰਡ ਜਹਾਜ਼ ਹਾਦਸਾਗ੍ਰਸਤ, ਚਾਲਕ ਦਲ ਸਮੇਤ ਅੱਠ ਜਣੇ ਜ਼ਖਮੀ

chartered plane

ਚੰਡੀਗੜ੍ਹ, 14 ਸਤੰਬਰ 2023: ਮੁੰਬਈ ਹਵਾਈ ਅੱਡੇ ‘ਤੇ ਅੱਜ ਇੱਕ ਚਾਰਟਰਡ ਜਹਾਜ਼ (chartered plane) ਲੈਂਡਿੰਗ ਦੌਰਾਨ ਰਨਵੇਅ ‘ਤੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਨਾਲ ਜਹਾਜ਼ ਦੇ ਦੋ ਟੁਕੜੇ ਹੋ ਗਏ। ਜਹਾਜ਼ ‘ਚ 6 ਯਾਤਰੀ ਅਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹ ਸਾਰੇ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰਟਰਡ ਜਹਾਜ਼ ਨੇ ਵਿਸ਼ਾਖਾਪਟਨਮ ਤੋਂ ਉਡਾਣ ਭਰੀ ਸੀ।

ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਜਹਾਜ਼ ਮੱਧ ਪ੍ਰਦੇਸ਼ ਦੇ ਭੋਪਾਲ ਸਥਿਤ ਦਲੀਪ ਬਿਲਡਕੋਨ ਨਾਂ ਦੀ ਕੰਪਨੀ ਦੇ ਨਾਂ ‘ਤੇ ਰਜਿਸਟਰਡ ਹੈ। ਜਹਾਜ਼ ਵਿੱਚ ਜੇਐਮ ਬਕਸੀ ਕੰਪਨੀ ਦੇ ਮਾਲਕ ਕੋਟਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਵਾਰ ਸਨ। ਜੇਐਮ ਬਕਸੀ ਕੰਪਨੀ ਲੌਜਿਸਟਿਕਸ ਦੇ ਖੇਤਰ ਵਿੱਚ ਕੰਮ ਕਰਦੀ ਹੈ।

ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਕਿਹਾ ਕਿ ਵੀਐਸਆਰ ਵੈਂਚਰਸ ਲੀਅਰਜੈੱਟ 45 ਜਹਾਜ਼ ਮੁੰਬਈ ਦੇ ਰਨਵੇਅ 27 ਤੋਂ ਫਿਸਲ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਮੁੰਬਈ ‘ਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਵਿਜ਼ੀਬਿਲਟੀ 700 ਮੀਟਰ ਤੱਕ ਘੱਟ ਗਈ ਹੈ। ਜਿਸ ਕਾਰਨ ਇਹ ਘਟਨਾ ਵਾਪਰੀ ਹੈ।

Exit mobile version