ਚੰਡੀਗੜ੍ਹ 03 ਮਾਰਚ 2022: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਨਾਜਾਇਜ਼ ਰੇਤ ਮਾਈਨਿੰਗ ਮਾਮਲੇ ‘ਚ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ਼ ਹਨੀ (Bhupinder Singh Honey) ਅਤੇ ਉਸ ਦੇ ਸਹਿਯੋਗੀ ਕੁਦਰਤਦੀਪ ਸਿੰਘ ਦੇ ਖਿਲਾਫ਼ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਜਿਕਰਯੋਗ ਹੈ ਕਿ ਪੀਐੱਮਐੱਲਏ (PMLA) ਦੇ ਵਿਸ਼ੇਸ਼ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਅਦਾਲਤ ਨੇ ਮਾਮਲੇ ‘ਚ ਸੁਣਵਾਈ ਦੀ ਅਗਲੀ ਤਰੀਕ 6 ਅਪ੍ਰੈਲ ਤੈਅ ਕੀਤੀ ਹੈ।
ਈਡੀ ਵਲੋਂ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ਼ ਹਨੀ ਨੂੰ 3 ਅਤੇ 4 ਫਰਵਰੀ ਦੀ ਰਾਤ ਗ੍ਰਿਫ਼ਤਾਰ ਕੀਤਾ ਸੀ ਤੇ ਨਿਯਮ ਅਨੁਸਾਰ ED ਨੇ ਉਸ ਦੇ ਖਿਲਾਫ਼ 60 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਇਰ ਕਰਨੀ ਸੀ। ਈਡੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ 18 ਜਨਵਰੀ ਨੂੰ ਹਨੀ ਤੇ ਹੋਰਨਾਂ ਖਿਲਾਫ਼ 10 ਜਗ੍ਹਾ ‘ਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਹਨੀ ਦੇ ਕੰਪਲੈਕਸ ਤੋਂ ਕਰੀਬ 7.9 ਕਰੋੜ ਰੁਪਏ ਨਕਦੀ ਅਤੇ ਉਸਦੇ ਇਕ ਸਹਿਯੋਗੀ ਸੰਦੀਪ ਕੁਮਾਰ ਕੋਲੋਂ 2 ਕਰੋੜ ਰੁਪਏ ਨਕਦੀ ਜ਼ਬਤ ਕੀਤੀ ਸੀ। ਬਾਅਦ ਵਿਚ ਈਡੀ ਨੇ ਹਨੀ ਨੂੰ ਕਈ ਵਾਰ ਪੁੱਛਗਿੱਛ ਲਈ ਬੁਲਾਇਆ ਤੇ ਅਖੀਰ ਵਿਚ ਉਸ ਨੂੰ 3 ਫਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।