ਚੰਡੀਗੜ੍ਹ 26 ਜੁਲਾਈ 2022: ਜੰਮੂ-ਕਸ਼ਮੀਰ ਕ੍ਰਿਕਟ ਸੰਘ (ਜੇ.ਕੇ.ਸੀ.ਏ.) ਮਨੀ ਲਾਂਡਰਿੰਗ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ (Farooq Abdullah) ਅਤੇ ਹੋਰ ਦੋਸ਼ੀਆਂ ਖਿਲਾਫ ਮੰਗਲਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਇਸਦੇ ਚੱਲਦੇ ਅਦਾਲਤ ਨੇ ਸਾਰਿਆਂ ਨੂੰ 27 ਅਗਸਤ ਨੂੰ ਤਲਬ ਕੀਤਾ ਹੈ।
ਈਡੀ ਦਾ ਦਾਅਵਾ ਹੈ ਕਿ ਜੇਕੇਸੀਏ ਦੇ ਤਤਕਾਲੀ ਅਹੁਦੇਦਾਰ ਅਹਿਸਾਨ ਅਹਿਮਦ ਮਿਰਜ਼ਾ ਸਮੇਤ ਹੋਰ ਮੁਲਜ਼ਮ ਸਲੀਮ ਖ਼ਾਨ (ਸਾਬਕਾ ਜਨਰਲ ਸਕੱਤਰ), ਮੀਰ ਮੰਜ਼ੂਰ ਗਜ਼ਨਫ਼ਰ, ਗੁਲਜ਼ਾਰ ਅਹਿਮਦ (ਸਾਬਕਾ ਲੇਖਾਕਾਰ ਜੇਕੇਸੀਏ), ਬਸ਼ੀਰ ਅਹਿਮਦ ਮਿਸਗਰ (ਜੇਕੇ ਬੈਂਕ ਕਾਰਜਕਾਰੀ) ਅਤੇ ਡਾ: ਫਾਰੂਕ ਅਬਦੁੱਲਾ ਵੀ ਸ਼ਾਮਲ ਹਨ। ਹੋਰ ਮੁਲਜ਼ਮਾਂ ਨਾਲ ਮਿਲ ਕੇ ਜੇਕੇਸੀਏ ਦੇ ਖਾਤੇ ਵਿੱਚੋਂ 51.90 ਕਰੋੜ ਰੁਪਏ ਕਢਵਾਏ ਗਏ।
ਵਿਸ਼ੇਸ਼ ਅਦਾਲਤ ਨੇ ਫਾਰੂਕ ਅਤੇ ਹੋਰ ਦੋਸ਼ੀਆਂ ਨੂੰ 27 ਅਗਸਤ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਨੇ ਇਸੇ ਮਾਮਲੇ ਵਿੱਚ 31 ਮਈ ਨੂੰ ਫਾਰੂਕ ਅਬਦੁੱਲਾ ਤੋਂ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਸੀਬੀਆਈ ਅਤੇ ਈਡੀ 2004 ਤੋਂ 2009 ਦਰਮਿਆਨ ਜੇਕੇਸੀਏ ਵਿੱਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਫਾਰੂਕ ਅਬਦੁੱਲਾ 2001 ਤੋਂ 2012 ਤੱਕ ਜੇਕੇਸੀਏ ਦੇ ਪ੍ਰਧਾਨ ਰਹੇ। ਹੁਣ ਤੱਕ ਦੀ ਜਾਂਚ ਵਿੱਚ ਈਡੀ ਨੇ ਫਾਰੂਕ ਅਬਦੁੱਲਾ ਦੀ 11.86 ਕਰੋੜ ਦੀ ਅਚੱਲ ਜਾਇਦਾਦ ਸਮੇਤ ਕੁੱਲ 21 ਕਰੋੜ ਰੁਪਏ ਕੁਰਕ ਕੀਤੇ ਹਨ।ਈਡੀ ਨੇ ਜਾਂਚ ਵਿੱਚ ਖੁਲਾਸਾ ਕੀਤਾ ਹੈ ਕਿ ਅਹਿਸਾਨ ਅਹਿਮਦ ਮਿਰਜ਼ਾ ਨੇ ਜੇਕੇਸੀਏ ਦੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਨਿੱਜੀ ਹਿੱਤਾਂ ਅਤੇ ਕਾਰੋਬਾਰੀ ਦੇਣਦਾਰੀਆਂ ਚੁਕਾਉਣ ਲਈ 51.90 ਕਰੋੜ ਰੁਪਏ ਦੀ ਵਰਤੋਂ ਕੀਤੀ। ਈਡੀ ਨੇ ਸ੍ਰੀਨਗਰ ਦੇ ਰਾਮਬਾਗ ਮੁਨਸ਼ੀ ਥਾਣੇ ਵਿੱਚ ਦਰਜ ਐਫਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ। ਬਾਅਦ ਵਿਚ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ।