ਨਵੇਂ ਚੇਹਰੇ

ਪੰਜਾਬ ਦੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ 11 ਵਜੇ ਸਹੁੰ ਚੁੱਕਣਗੇ

ਚੰਡੀਗੜ੍ਹ , 20 ਸਤੰਬਰ 2021 : ਪੰਜਾਬ ਕਾਂਗਰਸ ਵਿੱਚ ਚੱਲ ਰਹੇ ਲੰਮੇ ਸਿਆਸੀ ਡਰਾਮੇ ਤੋਂ ਬਾਅਦ ਹਾਈਕਮਾਂਡ ਨੇ ਐਤਵਾਰ ਨੂੰ ਮੁੱਖ ਮੰਤਰੀ ਲਈ ਚਰਨਜੀਤ ਸਿੰਘ ਚੰਨੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਂਗਰਸ ਵਿਧਾਇਕ ਦਲ ਦੇ ਨਵੇਂ ਨੇਤਾ ਵਜੋਂ ਚੁਣੇ ਗਏ ਚੰਨੀ ਅੱਜ 11 ਵਜੇ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਸਹੁੰ ਚੁੱਕਣ ਤੋਂ ਪਹਿਲਾਂ ਚੰਨੀ ਰੂਪਨਗਰ ਦੇ ਗੁਰਦੁਆਰੇ ਪੁੱਜੇ । ਚਰਨਜੀਤ ਸਿੰਘ ਚੰਨੀ ਦਲਿਤ ਸਿੱਖ ਭਾਈਚਾਰੇ ਤੋਂ ਆਉਂਦੇ ਹਨ ਅਤੇ ਪੰਜਾਬ ਕਾਂਗਰਸ ‘ਚ ਤਕਨੀਕੀ ਸਿੱਖਿਆ ਮੰਤਰੀ ਸਨ। ਉਹ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਪੰਜਾਬ ਦੇ ਪਹਿਲੇ ਦਲਿਤ ਨੇਤਾ ਹਨ।

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਖਰੜ ਵਿੱਚ ਜਸ਼ਨ ਦਾ ਮਾਹੌਲ ਹੈ। ਉਸਦੇ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਨੇ ਉਸਦੇ ਘਰ ਦੇ ਬਾਹਰ ਜਸ਼ਨ ਮਨਾਇਆ ਜਾ ਰਿਹਾ ਹੈ | ਇਸ ਦੌਰਾਨ ਮਠਿਆਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਚੰਨੀ ਦੀ ਭੈਣ ਨੇ ਕਿਹਾ, “ਉਹ (ਚੰਨੀ) ਬਹੁਤ ਮਿਹਨਤੀ ਵਿਅਕਤੀ ਹਨ ਅਤੇ ਸੂਬੇ ਲਈ ਬਹੁਤ ਵਧੀਆ ਕੰਮ ਕਰਨਗੇ।”

ਚੰਨੀ ਦਲਿਤ ਸਿੱਖ ਭਾਈਚਾਰੇ ਵਿੱਚੋਂ ਆਉਂਦਾ ਹੈ। ਉਹ ਕੈਪਟਨ ਅਮਰਿੰਦਰ ਸਰਕਾਰ ਵਿੱਚ ਤਕਨੀਕੀ ਸਿੱਖਿਆ ਮੰਤਰੀ ਸਨ। ਉਹ ਰੂਪਨਗਰ ਜ਼ਿਲ੍ਹੇ ਦੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਚੰਨੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਰਾਜ ਦੌਰਾਨ 2015-16 ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਸਨ।

ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਸਮਾਜਿਕ ਸਮੀਕਰਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜ ਵਿੱਚ ਦਲਿਤ ਆਬਾਦੀ 30 ਫੀਸਦੀ ਤੋਂ ਵੱਧ ਹੈ।

ਦੱਸ ਦੇਈਏ ਕਿ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਵਾਰ -ਵਾਰ ਵਿਧਾਇਕਾਂ ਦੀ ਮੀਟਿੰਗ ਬੁਲਾਉਣ ਕਰਕੇ ਉਹ ਅਪਮਾਨਿਤ ਮਹਿਸੂਸ ਕਰ ਰਹੇ ਸੀ , ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ।

Scroll to Top