ਚੰਡੀਗੜ੍ਹ 28 ਸਤੰਬਰ 2022: ਬੀਤੇ ਦਿਨੀ ਪੰਜਾਬ ਦੀ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਤੰਜ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਕਈ ਫਾਈਲਾਂ ਬਾਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੁੱਛ-ਪੜਤਾਲ ਕਰਨੀ ਸੀ, ਪਰ ਉਹ ਕਿੱਥੇ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਚੋਣਾਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਕਿੱਥੇ ਗਏ?
ਮੁੱਖ ਮੰਤਰੀ ਦੇ ਇਸ ਬਿਆਨ ‘ਤੇ ਚਰਨਜੀਤ ਸਿੰਘ ਚੰਨੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਉਨ੍ਹਾ ਦਾ ਫ਼ੋਨ 24 ਘੰਟੇ ਖੁੱਲ੍ਹਾ ਰਹਿੰਦਾ ਹੈ, ਤੁਸੀਂ ਜਦੋਂ ਚਾਹੋ ਫ਼ੋਨ ਕਰ ਸਕਦੇ ਹੋ ਅਤੇ ਫਾਈਲਾਂ ਬਾਰੇ ਜਾਣਕਾਰੀ ਲੈ ਸਕਦੇ ਹੋ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਜਾਂ ਮੁੱਖ ਮੰਤਰੀ ਵੱਲੋਂ ਇਸ ਸੰਬੰਧ ਵਿੱਚ ਕੋਈ ਵੀ ਸੁਨੇਹਾ ਜਾਂ ਸੰਦੇਸ਼ ਨਹੀਂ ਮਿਲਿਆ ਹੈ।
ਚੰਨੀ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਜਦੋਂ ਵੀ ਸੰਪਰਕ ਕਰਦੀ ਹੈ, ਮੈਂ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਉਨ੍ਹਾਂ ਨੇ ਆਪਣੇ ਵਿਦੇਸ਼ ਦੌਰੇ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਉਹ ਇਸ ਸਮੇਂ ਆਪਣਾ ਇਲਾਜ ਕਰਵਾ ਰਹੇ ਹਨ ਅਤੇ ਨਾਲ ਹੀ ਆਪਣੀ ਪੀਐੱਚਡੀ ਥੀਸਿਸ ਤੇ ਵੀ ਕੰਮ ਕਰ ਰਹੇ ਹਨ |